ਰਾਮਪੁਰਾ ਫੂਲ ਹਲਕੇ ਦੇ ਵਿਕਾਸ ਕਾਰਜਾਂ ਤੇ ਖਰਚੇ ਜਾਣਗੇ 75 ਕਰੋੜ : ਬਲਕਾਰ ਸਿੱਧੂ

Bathinda

ਕੋਠਾ ਗੁਰੂ (ਬਠਿੰਡਾ), 9 ਜਨਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਤਹਿਤ ਸੂਬਾ ਤਰੱਕੀ ਵੱਲ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਬਲਕਾਰ ਸਿੰਘ ਸਿੱਧੂ, ਵਿਧਾਇਕ ਰਾਮਪੁਰਾ ਫੂਲ ਨੇ ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਸ. ਅਵਤਾਰ ਸਿੰਘ ਤਾਰਾ ਅਤੇ ਮੀਤ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਦੀ ਚੋਣ ਮੌਕੇ ਕੀਤਾ।

ਇਸ ਮੌਕੇ ਸ. ਬਲਕਾਰ ਸਿੰਘ ਸਿੱਧੂ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੇ ਵਿਕਾਸ ਕਾਰਜਾਂ ਲਈ ਸੂਬਾ ਸਰਕਾਰ ਵੱਲੋਂ ਕਰੀਬ 75 ਕਰੋੜ ਰੁਪਏ ਮੰਨਜ਼ੂਰ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਸੀਵਰੇਜ ਤੋਂ ਇਲਾਵਾ ਹੋਰ ਵੱਖ-ਵੱਖ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਕੋਠਾ ਗੁਰੂ ਦੇ ਵਿਕਾਸ ਲਈ 15.43 ਕਰੋੜ ਰੁਪਏ ਖਰਚ ਕਰਕੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ।  

ਇਸ ਦੌਰਾਨ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਪੰਚਾਇਤ ਭਗਤਾ ਭਾਈਕਾ ਲਈ ਸੀਵਰੇਜ, ਪੀਣ ਵਾਲਾ ਪਾਣੀ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਲਈ 24 ਕਰੋੜ, ਨਗਰ ਪੰਚਾਇਤ ਮਲੂਕਾ ਲਈ 5 ਕਰੋੜ, ਭਾਈਰੂਪਾ ਲਈ 17.24 ਕਰੋੜ, ਰਾਮਪੁਰਾ ਲਈ 14.5 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ। 

 ਇਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਆਦਮੀ ਦੀ ਭਲਾਈ ਲਈ ਨਵੇਂ-ਨਵੇਂ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ, ਤਾਂ ਕਿ ਸੂਬੇ ਦੇ ਲੋਕਾਂ ਦਾ ਜੀਵਨ ਸੁਖਾਲਾ ਕੀਤਾ ਜਾ ਸਕੇ। 

ਇਸ ਮੌਕੇ ਨਛੱਤਰ ਸਿੰਘ ਸਿੱਧੂ ਜੁਆਇੰਟ ਸਕੱਤਰ ਕਿਸਾਨ ਵਿੰਗ ਭਗਤਾ ਭਾਈਕਾ, ਬਹਾਦਰ ਸਿੰਘ ਬਰਾੜ, ਗੁਰਵਿੰਦਰ ਪਾਲਾ ਕੋਠਾ ਗੁਰੂਕਾ, ਬੂਟਾ ਸਿੰਘ ਕੋਠਾ ਗੁਰੂਕਾ, ਬਲਜਿੰਦਰ ਸਿੰਘ ਗਿੱਲ ਕੋਠਾ ਗੁਰੂਕਾ, ਜੀਤਾ ਸਿੰਘ ਕੋਠਾ ਗੁਰੂਕਾ, ਜਸਵੀਰ ਸਿੰਘ ਫੌਜੀ, ਬਹਾਦਰ ਭਗਤਾ ਭਾਈਕਾ, ਕੁਲਵੰਤ ਸਿੰਘ ਕੰਤਾ, ਬਲਜਿੰਦਰ ਸਿੰਘ ਗਿੱਲ, ਗੁਰਜੰਟ ਸਿੰਘ ਤੋਂ ਇਲਾਵਾ ਆਪ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਪਾਰਟੀ ਵਰਕਰ ਹਾਜ਼ਰ ਸਨ।