ਸਰਕਾਰ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰ ਰਹੇ ਹਨ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ- ਡਿਪਟੀ ਕਮਿਸ਼ਨਰ

Punjab

ਫਾਜ਼ਿਲਕਾ 5 ਜਨਵਰੀ 2024….

ਫਾਜ਼ਿਲਕਾ ਜ਼ਿਲ੍ਹੇ ਵਿੱਚ ਸਾਲ 2023 ਵਿੱਚ ਬਣੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਚੰਗੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਆਮ ਆਦਮੀ ਕਲੀਨਿਕ ਸਰਕਾਰ ਦੀਆਂ ਉਮੀਦਾਂ ’ਤੇ ਖਰ੍ਹੇ ਉਤਰ ਰਹੇ ਹਨ। ਕਲੀਨਿਕ ਵਿਖੇ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਆਦਿ ਮੁਫ਼ਤ ਕੀਤੇ ਜਾ ਰਹੇ ਹਨ।

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਮ ਆਦਮੀ ਕਲੀਨਿਕ ਦੀ ਸਾਲਾਨਾ ਕਾਰਗੁਜ਼ਾਰੀ ਦਾ ਅੰਕੜਾ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਾਲ 2023 ਵਿੱਚ ਕੁੱਲ 23 ਆਮ ਆਦਮੀ ਕਲੀਨਿਕ ਖੋਲ੍ਹੇ ਗਏ।ਉਨ੍ਹਾਂ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਜਿਸ ਮਕਸਦ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਸਨ, ਉਸ ਨੂੰ ਪੂਰਾ ਕਰਨ ‘ਚ ਕਾਮਯਾਬ ਹੋਈ ਹੈ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਚੰਗੀ ਸਿਹਤ ਸਹੂਲਤ ਦੇ ਨਾਲ-ਨਾਲ ਮੁਫ਼ਤ ਦਵਾਈਆਂ ਅਤੇ ਟੈਸਟਿੰਗ ਦੀ ਸਹੂਲਤ ਵੀ ਮਿਲ ਰਹੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 23 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 21 ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਵਿੱਚ ਡਾਕਟਰ, ਫਾਰਮੇਸੀ ਅਫ਼ਸਰ ਅਤੇ ਕਲੀਨਿਕਲ ਸਹਾਇਕ ਨਿਯੁਕਤ ਕੀਤੇ ਗਏ ਹਨ। ਸ਼ੁਰੂਆਤੀ ਦੌਰ ‘ਚ ਹੀ ਲੋਕਾਂ ‘ਚ ਕਲੀਨਿਕ ‘ਤੇ ਭਰੋਸਾ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ।ਨਵੇਂ ਖੋਲ੍ਹੇ ਗਏ ਕਲੀਨਿਕ ‘ਚ ਸਿਰਫ ਇਕ ਸਾਲ ‘ਚ 2 ਲੱਖ 40 ਹਜ਼ਾਰ 646 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 44 ਹਜ਼ਾਰ 251 ਲੋਕਾਂ ਦੇ ਟੈਸਟ ਮੁਫ਼ਤ ਕੀਤੇ ਗਏ ਹਨ।

                ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ ਹੈ ਅਤੇ ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਪੁਰਜੋਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਸਿਵਲ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਨਾ ਜਾਣਾ ਪਵੇ ਸਗੋਂ ਉਹ ਆਪਣੇ ਨਜ਼ਦੀਕੀ ਕਲੀਨਿਕ ‘ਤੇ ਹੀ ਮੈਡੀਕਲ ਟੈਸਟ ਅਤੇ ਦਵਾਈਆਂ ਪ੍ਰਾਪਤ ਕਰ ਸਕਣ।