ਯੁਵਕ ਸੇਵਾਵਾਂ ਵਿਭਾਗ, ਮੋਗਾ ਵੱਲੋਂ 11-12 ਜਨਵਰੀ ਨੂੰ ਕਰਵਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ

Punjab

ਮੋਗਾ 5 ਜਨਵਰੀ:
ਨੌਜਵਾਨਾਂ ਵਿਚਲੀ ਕਲਾ ਦਾ ਨਿਖਾਰ ਕਰਨ ਲਈ ਅਤੇ ਉਨ੍ਹਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਲਈ ਸ. ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਵਿੱਚ ਇੱਕ ਜ਼ਿਲ੍ਹਾ ਪੱਧਰ ਦਾ ਦੋ ਰੋਜ਼ਾ ਓਪਨ ਯੁਵਕ ਮੇਲਾ 11-12 ਜਨਵਰੀ, 2024 ਨੂੰ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ।
ਮੇਲੇ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਲੋਟੇ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਮਿਤੀ 11 ਜਨਵਰੀ, 2024 ਨੂੰ ਭੰਗੜਾ,  ਲੁੱਡੀ/ਸੰਮੀ,  ਲੋਕ-ਸਾਜ਼ ਮੁਕਾਬਲਾ,  ਭਾਸ਼ਣ ਪ੍ਰਤੀਯੋਗਤਾ/ਡੀਬੇਟ,  ਵਾਰ-ਗਾਇਨ, ਕਵੀਸ਼ਰੀ,  ਅਤੇ ਫਾਈਨ ਆਰਟਸ ਮੁਕਾਬਲੇ (ਪੋਸਟਰ ਬਣਾਉਣਾ, ਕਲਾਜ਼ ਬਣਾਉਣਾ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ ਅਤੇ ਮਹਿੰਦੀ) ਆਇਟਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਮਿਤੀ 12 ਜਨਵਰੀ, 2024 ਨੂੰ  ਗਿੱਧਾ,  ਰਵਾਇਤੀ ਲੋਕ-ਗੀਤ (ਲੰਮੀਆਂ ਹੇਕਾਂ ਵਾਲੇ),  ਪੁਰਾਤਨ ਪਹਿਰਾਵਾ,  ਭੰਡ,  ਮੋਨੋ-ਐਕਟਿੰਗ ਅਤੇ ਰਵਾਇਤੀ ਲੋਕ ਕਲਾ ਮੁਕਾਬਲੇ ( ਫੁਲਕਾਰੀ ਕੱਢਣਾ, ਨਾਲੇ ਬੁਨਣਾ, ਪੀੜੀ ਬੁਨਣਾ, ਛਿੱਕੂ ਬਣਾਉਣਾ ਅਤੇ ਪੱਖੀ ਬੁਣਨਾ) ਆਇਟਮਾਂ ਦੇ ਮੁਕਾਬਲੇ ਕਰਵਾਏ ਜਾਣਗੇ।
 ਉਨ੍ਹਾਂ ਅੱਗੇ ਦੱਸਿਆ ਕਿ 15 ਸਾਲ ਤੋਂ 35 ਸਾਲ ਦਾ ਕੋਈ ਵੀ (ਵਿਦਿਆਰਥੀ ਅਤੇ ਗੈਰ-ਵਿਦਿਆਰਥੀ) ਨੌਜਵਾਨ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ। ਪੁਜ਼ੀਸ਼ਨ ਹਾਸਲ ਕਰਨ ਵਾਲੇ ਪ੍ਰਤੀਯੋਗੀ/ਟੀਮਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਕੀ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੇਲੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੰਨਗੀਆਂ ਵਿੱਚ ਭਾਗ ਲੈਣ ਦੇ ਇੱਛੁਕ ਪ੍ਰਤੀਯੋਗੀ/ਕਲੱਬ/ਸੰਸਥਾਵਾਂ ਦਾਖਲਾ ਫਾਰਮ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ  ਇਨਡੋਰ ਖੇਡ ਸਟੇਡੀਅਮ, ਨੇੜੇ ਪੀ.ਡਬਲਿਊ.ਡੀ. ਗੈਸਟ ਹਾਊਸ, ਜੀ.ਟੀ. ਰੋਡ, ਮੋਗਾ ਤੋਂ  ਮੋ. ਨੰਬਰ 75891-97789 ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98554-01443 ਅਤੇ 75891-97789 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।