ਤਰਨ ਤਾਰਨ, 19 ਮਾਰਚ :
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਭਾਈਚਾਰੇ ਨਾਲ ਅਹਿਮ ਸੂਚਨਾ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ‘ਫਾਰਮਰ ਰਜਿਸਟਰੀ ਕੈਂਪ ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਫਾਰਮਰ ਰਜਿਸਟਰੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ. ਯਾਦਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਕੇਵਲ ਉਨ੍ਹਾਂ ਕਿਸਾਨਾਂ ਨੂੰ ਹੀ ਪੀ.ਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇਕ ਵਿਲੱਖਣ ‘ਕਿਸਾਨ ਆਈ.ਡੀ ਤਿਆਰ ਕੀਤੀ ਜਾਵੇਗੀ। ਇਸ ਆਈ.ਡੀ ਨੂੰ ਕਿਸਾਨ ਦੇ ਮੌਜੂਦਾ ਪੀ.ਐਮ ਕਿਸਾਨ ਖ਼ਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੌਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਰੇ ਕਿਸਾਨਾਂ ਲਈ ਕਿਸਾਨ ਰਜਿਸਟਰੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ, ਇਸ ਵਿਚ ਆਧਾਰ-ਲਿੰਕਡ ਜ਼ਮੀਨੀ ਰਿਕਾਰਡ ਰਾਹੀਂ 11 ਅੰਕਾਂ ਦੀ ਯੂਨੀਕ ਫਾਰਮਰ ਆਈ ਡੀ ਬਣਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਆਈ.ਡੀ ਬਣਾਉਣ ਲਈ ਲੋੜੀਂਦੇ ਦਸਤਾਵੇਜ਼ ਆਧਾਰ ਕਾਰਡ, (ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ), ਜਮੀਨ ਦੀ ਫਰਦ/ਖਸਰਾ ਨੰਬਰ, ਬੈਂਕ ਖ਼ਾਤਾ ਅਤੇ ਪਾਸਪੋਰਟ ਸਾਈਜ਼ ਫੋਟੋ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ, ਉਨ੍ਹਾਂ ਦੀਆਂ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਰੁਕ ਸਕਦੀਆਂ ਹਨ । ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਆਪਣੀ ਜ਼ਮੀਨ ਦਾ ਜੈਵਿਕ ਮਾਦਾ ਵਧਾ ਸਕਦੇ ਹਨ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਅਤੇ ਮਿੱਤਰ ਕੀੜੇ ਨਹੀਂ ਮਰਦੇ। ਉਨ੍ਹਾਂ ਨੇ ਕਿਸਾਨਾਂ ਨੂੰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਇਸ ਮੌਕੇ ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਗੁਰ ਪ੍ਰਤਾਪ ਸਿੰਘ, ਧਰਮਵੀਰ ਸਿੰਘ, ਅੰਗਰੇਜ਼ ਸਿੰਘ, ਮੁਖਤਾਰ ਸਿੰਘ ,ਗੁਰਵੇਲ ਸਿੰਘ, ਸਤਨਾਮ ਸਿੰਘ ਅਤੇ ਪਿੰਡ ਵੜਿੰਗ ਦੇ ਕਿਸਾਨ ਹਾਜ਼ਰ ਸਨ।
