ਲਹਿਰਾਗਾਗਾ, 21 ਸਤੰਬਰ:

ਨਗਰ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾਗਾਗਾ ਵਿੱਚ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਹ ਨਵੀਂ ਇਮਾਰਤ ਪੁਰਾਣੇ ਦਫ਼ਤਰ ਵਾਲੀ ਥਾਂ ‘ਤੇ ਹੀ ਤਿਆਰ ਕੀਤੀ ਜਾਵੇਗੀ, ਜੋ ਕਾਫੀ ਸਮੇਂ ਤੋਂ ਸ਼ਹਿਰ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਯੋਗ ਨਹੀਂ ਸੀ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨਵਾਂ ਦਫ਼ਤਰ, ਜਿਸ ਉੱਤੇ ਲਗਭਗ 46 ਲੱਖ ਰੁਪਏ ਦੀ ਲਾਗਤ ਆਏਗੀ, ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਤੇ ਇਹ ਪ੍ਰਾਜੈਕਟ ਬਹੁਤ ਜਲਦ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਨਗਰ ਨਿਵਾਸੀਆਂ ਨੂੰ ਸਾਰੀਆਂ ਸਹੂਲਤਾਂ ਇੱਕ ਹੀ ਛੱਤ ਹੇਠ ਤੇਜ਼ ਤੇ ਪਾਰਦਰਸ਼ੀ ਤਰੀਕੇ ਨਾਲ ਮਿਲਣਗੀਆਂ।

ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚੋਂ ਲੰਘਦੀ ਡਿਚ ਡਰੇਨ ਨੂੰ ਕਵਰ ਕੀਤਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਬਹੁਤ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਕਰੀਬ 08 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਨਾਲੀਆਂ ਨੂੰ ਕਵਰ ਕਰਨ ਦਾ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਤੋਂ ਰਾਹਤ ਮਿਲੇਗੀ।

ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਲੋਕ-ਹਿਤੈਸ਼ੀ ਢਾਂਚਾ ਮੁਹੱਈਆ ਕਰਵਾਉਣ ਵਾਸਤੇ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਇਮਾਰਤ ਨਗਰ ਕੌਂਸਲ ਦੇ ਕਰਮਚਾਰੀਆਂ ਲਈ ਕੰਮ ਕਰਨ ਦੀਆਂ ਸਹੂਲਤਾਂ ਬਿਹਤਰ ਕਰੇਗੀ ਅਤੇ ਸ਼ਹਿਰ ਨਿਵਾਸੀਆਂ ਨੂੰ ਸਮੇਂ ਸਿਰ ਤੇ ਸੁਖਦਾਈ ਵਾਤਾਵਰਣ ਵਿੱਚ ਸੇਵਾਵਾਂ ਪ੍ਰਾਪਤ ਕਰਨ ਯੋਗ ਬਣਾਵੇਗੀ।

ਇਸ ਮੌਕੇ ਨਗਰ ਕੌਂਸਲ ਤੇ ਸ਼ਹਿਰ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਨਗਰ ਕੌਂਸਲ ਦੇ ਅਧਿਕਾਰੀ ਵੀ ਸਨਮਾਨਤ ਕੀਤੇ ਗਏ।

ਇਸ ਮੌਕੇ ਮੀਡੀਆ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਦਿੱਕਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਨ ਲਾਈਨ ਤੋਂ ਘਰਾਂ ਵਿੱਚ ਜਾਂਦੇ ਕੁਨੈਕਸ਼ਨ ਪਾਈਪ ਖਰਾਬ ਹੋਣ ਕਰ ਕੇ ਉਹਨਾਂ ਵਿੱਚ ਗੰਦਾ ਪਾਣੀ ਰਲਣ ਦਾ ਖਦਸ਼ਾ ਸੀ, ਜਿਸ ਕਰ ਕੇ ਕੁਝ ਕੁਨੈਕਸ਼ਨ ਕੱਟੇ ਗਏ ਹਨ। ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਅੰਦਰਲੇ ਕੁਨੈਕਸ਼ਨ ਪਾਈਪ ਜ਼ਰੂਰ ਚੈੱਕ ਕਰਵਾਉਣ, ਪਾਈਪ ਪੁਰਾਣੇ ਹੋਣ ਨਾਲ ਖ਼ਰਾਬ ਹੋ ਜਾਂਦੇ ਹਨ, ਜਿਸ ਕਰ ਕੇ ਪਾਣੀ ਸਬੰਧੀ ਦਿੱਕਤ ਆਉਂਦੀ ਹੈ।

ਸ਼੍ਰੀ ਗੋਇਲ ਨੇ ਐਮ.ਸੀ. ਸਾਹਿਬਾਨ ਨੂੰ ਹਦਾਇਤ ਕੀਤੀ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਆਪਣੇ ਆਪਣੇ ਵਾਰਡ ਦਾ ਦੌਰਾ ਕਰਨ ਤੇ ਜਿਹੜੀ ਵੀ ਮੁਸ਼ਕਲ ਦਰਪੇਸ਼ ਹੈ, ਉਹ ਹੱਲ ਕਰਵਾਉਣ।

ਇਸ ਸਮਾਗਮ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਘੱਗਰ ਦੀ ਮਾਰ ਤੋਂ ਬਚਾਅ ਦੇ ਸ਼ੁਕਰਾਨੇ ਵਜੋਂ ਪਿੰਡ ਕੁਦਨੀ, ਭੂੰਦੜ ਭੈਣੀ, ਸੁਰਜਣ ਭੈਣੀ ਸਮੇਤ ਵੱਖ-ਵੱਖ ਪਿੰਡਾਂ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮਾਂ ਵਿੱਚ ਵੀ ਹਾਜ਼ਰੀ ਲਗਵਾਈ। ਜਿਸ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲ ਪੁਰਖ ਦੀ ਮਿਹਰ, ਲੋਕਾਂ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੇ ਮਜ਼ਬੂਤ ਕੀਤੇ ਬੰਨ੍ਹਾਂ ਸਦਕਾ ਘੱਗਰ ਨਹੀਂ ਟੁੱਟਿਆ। ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਹੜ੍ਹ ਪੀੜਤਾਂ ਦੀ ਜ਼ਿੰਦਗੀ ਮੁੜ ਲੀਹ ਉੱਤੇ ਲੈ ਕੇ ਆਉਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਇਸ ਸਬੰਧੀ ਕਿਸੇ ਕਿਸਮ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੀਤੇ ਐਲਾਨ ਮੁਤਾਬਕ ਮੁਆਵਜ਼ਾ ਮਿਲੇਗਾ। ਪੰਜਾਬ ਸਰਕਾਰ ਹਰ ਹਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ।

ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਐਮ.ਸੀ. ਸਾਹਿਬਾਨ, ਸਥਾਨਕ ਆਗੂ, ਨਗਰ ਕੌਂਸਲ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।