ਫਰੀਦਕੋਟ 2 ਜੂਨ () ਸਹਾਇਕ ਕਮਿਸ਼ਨਰ ਫਰੀਦਕੋਟ ਸ. ਗੁਰਕਿਰਨਦੀਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਕਾਰਜ਼ਕਾਰਨੀ ਕਮੇਟੀ ਵੱਲੋਂ ਕਰਾਪ ਰੈਜ਼ੀਡਿਊ ਮੈਨੇਜਮੈਂਟ (ਸੀ.ਆਰ.ਐਮ) ਸਕੀਮ ਸਾਲ 2025-26 ਅਤੇ ਸਬ-ਮਿਸ਼ਨ ਆਨ ਅੇਗਰੀਕਲਚਰ ਮੈਕੇਨਾਇਜ਼ੇਸ਼ਨ (ਸਮੈਮ) ਸਕੀਮ ਸਾਲ 2025-26 ਅਧੀਨ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਈਆਂ ਅਰਜ਼ੀਆਂ ਦੀ ਚੋਣ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਸੀ.ਆਰ.ਐਮ ਸਕੀਮ ਵਿੱਚ ਕਸਟਮ ਹਾਇਰਿੰਗ ਸੈਟਰਾਂ ਦੀਆਂ 203 ਅਰਜੀਆਂ ਅਤੇ ਨਿੱਜੀ ਕਿਸਾਨਾਂ ਦੀਆਂ 279 ਅਰਜੀਆਂ ਪ੍ਰਾਪਤ ਹੋਈਆਂ ਸਨ ਅਤੇ ਸਮੈਮ ਸਕੀਮ ਵਿੱਚ ਕਸਟਮ ਹਾਇਰਿੰਗ ਸੈਟਰਾਂ ਦੀਆਂ 22 ਅਰਜੀਆਂ ਅਤੇ ਨਿੱਜੀ ਕਿਸਾਨਾਂ ਦੀਆਂ 49 ਅਰਜੀਆਂ ਪ੍ਰਾਪਤ ਹੋਈਆਂ ਸਨ। ਸੀ.ਆਰ.ਐਮ ਸਕੀਮ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਵੱਖ-ਵੱਖ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਪਰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਵੇਂ ਕਿ ਜਿਲ੍ਹੇ ਵਿੱਚ ਕੁੱਲ 10 ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਦੀ ਲਾਗਤ 30 ਲੱਖ ਪ੍ਰਤੀ ਕਸਟਮ ਹਾਇਰਿੰਗ ਸੈਂਟਰ ਹੋਵੇਗੀ ਅਤੇ ਸਰਕਾਰ ਵੱਲੋਂ ਉਸ ਤੇ ਵੱਧ ਤੋਂ ਵੱਧ 80% ਸਬਸਿਡੀ (ਭਾਵ 24 ਲੱਖ ਰੁ:) ਦਿੱਤੀ ਜਾਵੇਗੀ। ਸੀ.ਆਰ.ਐਮ ਸਕੀਮ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਵਿੱਚ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਬੇਲਰ, ਰੈਕ, ਸੁਪਰ ਸੀਡਰ, ਸਰਫੇਸ ਸੀਡਰ, ਸਮਰਾਟ ਸੀਡਰ, ਪੈਡੀ ਸਟਰਾਅ ਚੋਪਰ, ਮਲਚਰ, ਜੀਰੋ ਟਿਲ ਡਰਿੱਲ, ਉਲਟਾਂਵੇ ਹੱਲ ਆਦਿ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ.ਆਰ.ਐਮ ਸਕੀਮ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇਹ ਮਸ਼ੀਨਾਂ ਨਿੱਜੀ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ।
ਇਸ ਦੇ ਨਾਲ ਹੀ ਸਹਾਇਕ ਕਮਿਸ਼ਨਰ, ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਸਾਲ 2025-26 ਅਧੀਨ ਵੀ ਵੱਖ-ਵੱਖ ਮਸ਼ੀਨਰੀ ਜਿਵੇਂ ਕਿ ਡੀ.ਐਸ.ਆਰ ਡਰਿੱਲ, ਪੈਡੀ ਟਰਾਂਸਪਲਾਂਟਰ, ਵੱਖ-ਵੱਖ ਤਰਾਂ ਦੇ ਸਪਰੇਅਰ, ਲੱਕੀ ਸੀਡਰ ਡਰਿੱਲ, ਰੇਜਡ ਬੈਂਡ ਪਲਾਂਟਰ ਆਦਿ ਸਬਸਿਡੀ ਉੱਪਰ ਮੁਹੱਈਆਂ ਕਰਵਾਉਣ ਲਈ ਡਰਾਅ ਕੱਢਿਆ ਗਿਆ। ਇਸ ਸਕੀਮ ਵਿੱਚ 42 ਜਨਰਲ ਕਿਸਾਨਾਂ ਅਤੇ 7 ਐਸ.ਸੀ.ਕਿਸਾਨਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਕੀਮ ਅਧੀਨ ਕੁੱਲ 17 ਜਨਰਲ ਕਸਟਮ ਹਾਇਰਿੰਗ ਸੈਂਟਰਾਂ ਅਤੇ 2 ਐਸ.ਸੀ ਕਸਟਮ ਹਾਇਰਿੰਗ ਸੈਂਟਰਾਂ ਵੱਲੋਂ ਵੀ ਅਪਲਾਈ ਕੀਤਾ ਗਿਆ ਹੈ।
ਪ੍ਰਮੁੱਖ ਖਾਸ ਬਿੰਦੂ:
1. ਜਿਨ੍ਹਾਂ ਕਿਸਾਨਾਂ ਨੇ ਅਪਣੀ ਅਰਜ਼ੀ ਦਾਖਲ ਕਰਨ ਸਮੇਂ 5000 ਰੁ: ਟੋਕਨ/ ਅਰਨੀਸਟ ਮਨੀ ਜਮ੍ਹਾਂ ਨਹੀ ਕਰਵਾਈ, ਉਹਨਾਂ ਦੀਆਂ ਅਰਜ਼ੀਆਂ ਅਧੂਰੀ ਮੰਨੀਆਂ ਗਈਆਂ ਅਤੇ ਡਰਾਅ ਤੋਂ ਬਾਹਰ ਰੱਖੀਆਂ ਗਈਆਂ।
2. ਪਿਛਲੇ 5 ਸਾਲਾਂ ਦੌਰਾਨ ਇਨ੍ਹਾਂ ਸਕੀਮਾਂ ਵਿੱਚ ਖੇਤੀ ਮਸ਼ੀਨਰੀ ਉੱਪਰ ਸਬਸਿਡੀ ਲੈ ਚੁੱਕੇ ਕਿਸਾਨਾਂ ਦੀਆਂ ਅਰਜ਼ੀਆਂ ਇਸ ਵਾਰੀ ਨਹੀ ਮੰਨੀਆਂ ਜਾਣਗੀਆਂ।
3. ਸਕੀਮ ਦੇ ਨਿਯਮਾਂ ਅਨੁਸਾਰ, ਕਿਸੇ ਵੀ ਕਿਸਾਨ ਨੂੰ ਹੱਥ-ਲਿਖਤੀ ਸੈਕਸ਼ਨ ਨਹੀ ਦਿੱਤਾ ਜਾਵੇਗਾ, ਸਾਰੇ ਸੈਕਸ਼ਨ ਕੇਵਲ ਵਿਭਾਗੀ ਪੋਰਟਲ ਰਾਹੀਂ ਹੀ ਆਨਲਾਈਨ ਜਾਰੀ ਕੀਤੇ ਜਾਣਗੇ।