ਬਟਾਲਾ, 2 ਜੂਨ ( ) ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦਾ ਹਲਕਾ ਬਟਾਲਾ ਦੇ ਪਿੰਡ ਦੁਨੀਆਂ ਸੰਧੂ, ਲੋਹਚੱਪ ਅਤੇ ਗਰੰਥਗੜ੍ਹ ਵਿਖੇ ਪੁਹੰਚੀ। ਇਸ ਯਾਤਰਾ ਦੀ ਅਗਵਾਈ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾਤਾ ਅੰਮ੍ਰਿਤ ਕਲਸੀ ਅਤੇ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਵਲੋਂ ਕੀਤੀ ਗਈ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਦੇ ਲੋਕਾਂ ਵਲੋਂ ਇਸ ਨਸ਼ਾ ਮੁਕਤੀ ਮੁਹਿੰਮ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਜਾ ਰਿਹਾ ਹੈ, ਜੋ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਬਹੁਤ ਜਰੂਰੀ ਹੈ।
ਉਨਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਭਰਵੀਂ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਹੋ, ਉਥੇ ਤੁਸੀਂ ਨਸ਼ੇ ਵਿਰੁੱਧ ਲੜਨ ਲਈ ਵੀ ਕਮਰ ਕੱਸੇ ਕਰ ਚੁੱਕੇ ਹੋ। ਇਸ ਮੌਕੇ ਉਨਾਂ ਨਸ਼ੇ ਖਿਲਾਫ ਸਭ ਨੂੰ ਇੱਕਜੁੱਟ ਹੋ ਕੇ ਲੜਨ ਦੀ ਸਹੁੰ ਵੀ ਚੁਕਾਈ।
ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਹਲਕੇ ਅੰਦਰ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਅੱਜ ਉਹ ਤੁਹਾਡੇ ਕੋਲ ਆਏ ਹਨ। ਉਨਾਂ ਕਿਹਾ ਕਿ ਸਾਨੂੰ ਪਾਰਟੀਬਾਜੀ ਤੋ ਉਪਰ ਉਠ ਕੇ ਆਪਣੇ ਪਿੰਡ, ਕਸਬੇ, ਸ਼ਹਿਰ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਸ਼ਾ ਇਕ ਗੰਭੀਰ ਬਿਮਾਰੀ ਹੈ, ਜੋ ਸਾਡੇ ਨੋਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਇਸ ਬਿਮਾਰੀ ਤੋ ਛੁਟਕਾਰਾ ਤਾਂ ਹੀ ਮਿਲ ਸਕਦਾ ਹੈ, ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਨਸ਼ਿਆਂ ਦਾ ਡਟਕੇ ਮੁਕਾਬਲਾ ਕਰੀਏ।
ਇਸ ਮੌਕੇ ਸਰਪੰਚ ਜਸਬੀਰ ਸਿੰਘ, ਸਰਪੰਚ ਸਲਵਿੰਦਰ ਸਿੰਘ ਮੋਤੀ, ਸਰਪੰਚ ਕਰਮਜੀਤ ਸਿੰਘ, ਮਨਜੀਤ ਸਿੰਘ ਬਮਰਾਹ, ਵੀਨੂੰ ਕਾਹਲੋਂ, ਲੰਬੜਦਾਰ ਅਮਰੀਕ ਸਿੰਘ, ਨੌਜਵਾਨ, ਬਜ਼ੁਰਗ, ਔਰਤਾਂ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।