ਪੰਜਾਬ ਵੱਲੋਂ ਨਾਗਰਿਕਾਂ ਦੀ ਅਗਵਾਈ ਹੇਠ ਵਿਕਾਸ ਨੂੰ ਮਜ਼ਬੂਤ ਬਣਾਉਣ ਲਈ ‘ਰੰਗਲਾ ਪੰਜਾਬ ਸੋਸਾਇਟੀ’ ਦੀ ਸ਼ੁਰੂਆਤ: ‘ਆਪ’ ਸਰਕਾਰ ਨੇ ਵਿਸ਼ਵਵਿਆਪੀ ਪੰਜਾਬੀ ਭਾਈਵਾਲੀ ਲਈ ਦਰਵਾਜ਼ੇ ਖੋਲ੍ਹੇ

Politics Punjab

ਚੰਡੀਗੜ੍ਹ, 14 ਮਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ  ਸਰਕਾਰ ਨੇ ਇੱਕ ਇਤਿਹਾਸਕ ਕਦਮ ਪੁੱਟਦਿਆਂ “ਰੰਗਲਾ ਪੰਜਾਬ ਸੋਸਾਇਟੀ” ਦੀ ਸਥਾਪਨਾ ਕੀਤੀ ਹੈ, ਜੋ ਸੂਬੇ ਦੇ ਵਿਕਾਸ ਵਿੱਚ ਜਨਤਕ ਯੋਗਦਾਨ ਨੂੰ ਦਿਸ਼ਾ ਦੇਣ ਲਈ ਇੱਕ ਮੋਹਰੀ ਪਲੇਟਫਾਰਮ ਵਜੋਂ ਕੰਮ ਕਰੇਗਾ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਇਹ ਐਲਾਨ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਰੰਗਲਾ ਪੰਜਾਬ ਸੁਸਾਇਟੀ’ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਖੁਸ਼ਹਾਲ, ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਪੰਜਾਬ ਬਣਾਉਣ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਇਸ ਉਪਰਾਲੇ ਰਾਹੀਂ ਆਮ ਲੋਕਾਂ ਦੀਆਂ ਇਛਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਜਦੋਂ ਕਿ ਪਹਿਲੀਆਂ ਸਰਕਾਰਾਂ ਸਿਰਫ ਗੱਲੀਬਾਤੀ ਵੱਡੇ ਦਾਅਵੇ ਕਰਕੇ ਖਾਨਾਪੂਰਤੀ ਕਰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਸੁਸਾਇਟੀ ਰਾਹੀਂ ਲੋਕਾਂ ਦੀ ਇੱਛਾ ਨੂੰ ਸੰਸਥਾਗਤ ਰੂਪ ਦੇ ਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਪਾਇਆ ਗਿਆ ਯੋਗਦਾਨ ਸਿੱਧੇ ਤੌਰ ‘ਤੇ ਠੋਸ ਤਰੱਕੀ ਵਿੱਚ ਤਬਦੀਲ ਹੋਵੇ।

ਪ੍ਰਵਾਸੀ ਭਾਰਤੀਆਂ (ਐਨ.ਆਰ.ਆਈ.), ਸਥਾਨਕ ਨਾਗਰਿਕਾਂ, ਕਾਰਪੋਰੇਟਾਂ ਅਤੇ ਹੋਰ ਅੰਤਰਰਾਸ਼ਟਰੀ ਸ਼ੁਭਚਿੰਤਕਾਂ ਸਮੇਤ ਦੁਨੀਆ ਭਰ ਦੇ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸੁਸਾਇਟੀ ਰਾਹੀਂ ‘ਆਪ’ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਨੂੰ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਵੇਗੀ, ਜਦੋਂਕਿ, ਪਹਿਲਾਂ ਦੀਆਂ ਸਰਕਾਰਾਂ ਦੌਰਾਨ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਗਏ ਯਤਨ ਲਾਲ ਫੀਤਾਸ਼ਾਹੀ ਅਤੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਏ ਸਨ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਸੋਸਾਇਟੀ ਵਿੱਚ ਸੂਬੇ ਦੇ ਵਿਕਾਸ ਲਈ ਪ੍ਰਾਪਤ ਹੋਣ ਵਾਲੇ ਇੱਕ-ਇੱਕ ਰੁਪਏ ਦੇ ਯੋਗਦਾਨ ਨੂੰ ਪ੍ਰਮਾਣਿਤ ਅਤੇ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਵਿੱਚ ਵਰਤਿਆ ਜਾਵੇਗਾ ਅਤੇ ਇਸ ਵਿੱਚ ਨਾ ਕੋਈ ਵਿਚੋਲਾ ਸ਼ਾਮਿਲ ਹੋਵੇਗਾ ਤੇ ਨਾ ਹੀ ਕੋਈ ਸਿਆਸੀ ਦਖਲਅੰਦਾਜੀ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਆਮ ਲੋਕਾਂ ਦੇ ਸਾਫ਼-ਸੁਥਰੇ ਅਤੇ ਨਾਗਰਿਕ ਕੇਂਦਰਿਤ ਸ਼ਾਸਨ ਦੇ ਸੁਪਨੇ ਨੂੰ ਸਾਕਾਰ ਕਰੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਰੰਗਲਾ ਪੰਜਾਬ ਸੋਸਾਇਟੀ ਸਿਹਤ ਸੰਭਾਲ, ਸਿੱਖਿਆ, ਸਾਫ-ਸਫਾਈ, ਬਿਜਲੀ, ਪਾਣੀ, ਸੜਕਾਂ, ਖੇਤੀਬਾੜੀ ਅਤੇ ਸ਼ਹਿਰੀ-ਪੇਂਡੂ ਵਿਕਾਸ ਵਿੱਚ ਜਨਤਕ ਭਲਾਈ ਸਮੇਤ ਮੁੱਖ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਕੁਦਰਤੀ ਆਫ਼ਤਾਂ, ਐਮਰਜੈਂਸੀ ਅਤੇ ਸਰਹੱਦੀ ਖੇਤਰ ਦੇ ਵਿਕਾਸ ਦੌਰਾਨ ਵੀ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗੀ, ਜਿਨ੍ਹਾਂ ਖੇਤਰਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਸੁਸਾਇਟੀ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਵਿੱਚ ਨਵੀਨਤਾ, ਸਟਾਰਟਅੱਪ ਅਤੇ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ।

ਸੁਸਾਇਟੀ ਦੀਆਂ ਮਜ਼ਬੂਤ ਸ਼ਾਸਨ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਾਲੀਆਂ ਵਿਸ਼ੇਸ਼ਤਾਵਾਂ ‘ਤੇ ਰੋਸ਼ਨੀ ਪਾਉਂਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸੁਸਾਇਟੀ ਦੀ ਨਿਗਰਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਵਾਲੇ ਇੱਕ ਬੋਰਡ ਆਫ਼ ਗਵਰਨਰਜ਼ ਦੁਆਰਾ ਕੀਤੀ ਜਾਵੇਗੀ ਅਤੇ ਇਸ ਵਿੱਚ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਸਕੱਤਰ ਦੀ ਅਗਵਾਈ ਵਾਲੀ ਇੱਕ ਕਾਰਜਕਾਰੀ ਕਮੇਟੀ ਵੱਲੋਂ ਰਾਜਨੀਤਿਕ ਦਖਲਅੰਦਾਜ਼ੀ ਨੂੰ ਦੂਰ ਰੱਖਦੇ ਹੋਏ ਅਫਸਰਸ਼ਾਹੀ ਦੀ ਕਾਰਜਕੁਸ਼ਲਤਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਯੋਗਦਾਨ ਅਤੇ ਪ੍ਰੋਜੈਕਟ ਜਨਤਕ ਆਡਿਟ ਦੇ ਅਧੀਨ ਹੋਣਗੇ ਤਾਂ ਜੋ ਪਾਰਦਰਸ਼ਤਾ ਦੀ ਗਰੰਟੀ ਦਿੱਤੀ ਜਾ ਸਕੇ।

ਸੁਸਾਇਟੀ ਸਬੰਧੀ ਅਪਣਾਏ ਗਏ ਕਾਨੂੰਨੀ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ, ਵਿੱਤ ਮੰਤਰੀ ਨੇ ਦੱਸਿਆ ਕਿ ਰੰਗਲਾ ਪੰਜਾਬ ਸੋਸਾਇਟੀ ਨੂੰ ਸੋਸਾਇਟੀ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟਰ ਕੀਤਾ ਜਾਵੇਗਾ, ਅਤੇ ਸਾਰੇ ਵਿਦੇਸ਼ੀ ਯੋਗਦਾਨ ਫੇਮਾ (ਐਫ.ਈ.ਐਮ.ਏ)/ਐਫ.ਸੀ. (ਆਰ)ਏ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਦਾ ਉਦੇਸ਼ ਇਸ ਸੁਸਾਇਟੀ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਫੰਡ ਜੁਟਾਉਣਾ ਵੀ ਹੈ, ਜੋ ਇਸ ਸਰਕਾਰ ਵਿੱਚ ਉਦਯੋਗ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਰੰਗਲਾ ਪੰਜਾਬ ਸੋਸਾਇਟੀ ਨੂੰ ਸਿਰਫ਼ ਇੱਕ ਸੰਗਠਨ ਤੋਂ ਵੱਧ ਦੱਸਦਿਆਂ, ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਇੱਕ ਕ੍ਰਾਂਤੀ ਹੈ, ਅਤੇ ਪਿਛਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਉਲਟ, ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੀ ਵਾਗਡੋਰ ਸੌਂਪ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਲੋਕਤੰਤਰ ਵਿੱਚ ਲੋਕਾਂ ਦੇ ਸਿੱਧੇ ਭਾਈਵਾਲੀ ਦੀ ਮਿਸਾਲ ਹੈ ਜੋ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਗਏ ਘੁਟਾਲਿਆਂ, ਰੁਕਾਵਟਾਂ ਅਤੇ ਹਿੱਸਾਪੱਤੀ ਦੇ ਦੌਰ ਦਾ ਮੁਕੰਮਲ ਅੰਤ ਕਰੇਗਾ।

——–

Leave a Reply

Your email address will not be published. Required fields are marked *