ਤਪਾ/ਭਦੌੜ, 29 ਅਪ੍ਰੈਲ
ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਹਲਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਤਕਰੀਬਨ 31 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜਕਾਂ ਮਨਜ਼ੂਰ ਕਰਵਾਈਆਂ ਹਨ, ਜਿਨ੍ਹਾਂ ਨੂੰ ਚੌੜਾ ਕੀਤਾ ਜਾਵੇਗਾ।
ਇਸ ਸਬੰਧੀ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਦੱਸਿਆ ਇਲਾਕਾ ਵਾਸੀਆਂ ਦੀ ਮੰਗ ‘ਤੇ ਬਰਨਾਲਾ – ਬਠਿੰਡਾ ਰੋਡ ਤਪਾ ਤੋਂ ਰੂੜੇਕੇ ਕਲਾਂ ਵਾਇਆ ਪਿੰਡ ਮਹਿਤਾ ਅਤੇ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਚੀਮਾ, ਨੇੜੇ ਆਰੀਆ ਭੱਟ ਕਾਲਜ ਤੋਂ ਸ਼ੁਰੂ ਹੋ ਕੇ ਉੱਗੋਕੇ, ਮੌੜ ਨਾਭਾ, ਜੈਮਲ ਸਿੰਘ ਵਾਲਾ ਹੁੰਦੇ ਹੋਏ ਚਿਤਾਨੰਦ ਗਊਸ਼ਾਲਾ ਆਲੀਕੇ ਤੱਕ ਸੜਕ ਬਣਾਉਣ ਲਈ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਸਨਮੁੱਖ ਗੁਜ਼ਾਰਿਸ਼ ਕੀਤੀ ਸੀ ਜਿਸ ‘ਤੇ ਕਿ ਉਨ੍ਹਾਂ ਵੱਲੋਂ ਦੋਵਾਂ ਸੜਕਾਂ ਨੂੰ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਅਧੀਨ “ਪਲਾਨ ਰੋਡ” ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਸੜਕਾਂ ਪਹਿਲਾਂ 10 -10 ਫੁੱਟ ਚੌੜੀਆਂ ਸਨ, ਜਿਨ੍ਹਾਂ ਨੂੰ ਕਿ ਹੁਣ ਨਵੇਂ ਸਿਰਿਉਂ 18 -18 ਫੁੱਟ ਚੌੜੀਆਂ ਕਰਕੇ ਬਣਾਇਆ ਜਾਵੇਗਾ ਅਤੇ ਰੂੜੇਕੇ ਕਲਾਂ ਤੋਂ ਮਹਿਤਾ ਪਿੰਡ ਵਾਲੀ 7.64 ਕਿਲੋਮੀਟਰ ਵਾਲੀ ਸੜਕ ‘ਤੇ 10 ਕਰੋੜ ਰੁਪਏ ਅਤੇ ਚੀਮਾ ਪਿੰਡ ਤੋਂ ਜੈਮਲ ਸਿੰਘ ਵਾਲਾ ਤੱਕ 17.85 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ‘ਤੇ ਅੰਦਾਜ਼ਨ 21 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ ਅਤੇ ਤਕਰੀਬਨ ਤਿੰਨ ਮਹੀਨਿਆਂ ਦੇ ਅੰਦਰ ਇਹਨਾਂ ਸੜਕਾਂ ਲਈ ਟੈਂਡਰ ਪ੍ਰਕ੍ਰਿਆ ਪੂਰੀ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਸੂਬਾ ਸਰਕਾਰ ਦੀ ਗ੍ਰਾਂਟ ਨਾਲ ਬਣਾਇਆ ਜਾਵੇਗਾ ਅਤੇ ਮਾਨਯੋਗ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋਵੇਂ ਸੜਕਾਂ ਨੂੰ ਬਣਾਉਣ ਸਮੇਂ ਵਧੀਆ ਪੱਧਰ ਦੀ ਸਮੱਗਰੀ ਵਰਤੀ ਜਾਵੇਗੀ। ਉਨ੍ਹਾਂ ਇਸ ਕਾਰਜ ਨੂੰ ਮਨਜ਼ੂਰੀ ਦੇਣ ਲਈ ਮਾਨਯੋਗ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਦਾ ਧੰਨਵਾਦ ਕਰਦਿਆਂ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਹਲਕਾ ਭਦੌੜ ਦੇ ਰਹਿੰਦੇ ਵਿਕਾਸ ਕਾਰਜ ਨੇਪਰੇ ਚਾੜ੍ਹ ਦਿੱਤੇ ਜਾਣਗੇ ਤੇ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।