ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਲੰਧਰ ਡਰਾਈਵਿੰਗ ਟੈਸਟ ਟਰੈਕ ਦਾ ਅਚਨਚੇਤ ਨਿਰੀਖਣ

Jalandhar Politics Punjab

ਜਲੰਧਰ, 28 ਅਪ੍ਰੈਲ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੋਮਵਾਰ ਨੂੰ ਜਲੰਧਰ ਸ਼ਹਿਰ ਵਿੱਚ ਸਥਿਤ ਡਰਾਈਵਿੰਗ ਟੈਸਟ ਟਰੈਕ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਪੂਰੀ ਡਰਾਈਵਿੰਗ ਟੈਸਟ ਪ੍ਰਕਿਰਿਆ ਦੀ ਬਾਰੀਕੀ ਨਾਲ ਜਾਂਚ ਕੀਤੀ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਟਰੈਕ ‘ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਉਨ੍ਹਾਂ ਦੀ ਕੀਮਤੀ ਪ੍ਰਤੀਕਿਰਿਆ ਹਾਸਲ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਭੁੱਲਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਲਦ ਹੀ ਸੂਬੇ ਭਰ ਦੇ ਹਰੇਕ ਡਰਾਈਵਿੰਗ ਟੈਸਟ ਟਰੈਕ ‘ਤੇ ਦੋ ਕਰਮਚਾਰੀ ਨਿਯੁਕਤ ਕਰੇਗੀ। ਇਹ ਕਰਮਚਾਰੀ ਬਿਨੈਕਾਰਾਂ ਨੂੰ ਆਨਲਾਈਨ ਬਿਨੈ ਫਾਰਮ ਭਰਨ ਵਿੱਚ ਬਿਲਕੁਲ ਮੁਫ਼ਤ ਸਹਾਇਤਾ ਕਰਨਗੇ, ਇਸ ਤਰ੍ਹਾਂ ਬਿਨੈਕਾਰਾਂ ਨੂੰ ਇੰਟਰਨੈੱਟ ਕੈਫ਼ੇ ‘ਤੇ ਵਾਧੂ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਨੈਕਾਰ ਹੁਣ ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਫੀਸ ਦਾ ਹੀ ਭੁਗਤਾਨ ਕਰਨਗੇ।

ਡਰਾਈਵਿੰਗ ਟੈਸਟ ਟਰੈਕਾਂ ‘ਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮਾਂ ’ਤੇ ਚਾਨਣਾ ਪਾਉਂਦਿਆਂ ਟ੍ਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸ਼ੈੱਡ, ਕੁਰਸੀਆਂ ਅਤੇ ਪੀਣ ਵਾਲੇ ਪਾਣੀ ਵਰਗੀਆਂ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਹਰੇਕ ਰਿਜਨਲ ਟ੍ਰਾਂਸਪੋਰਟ ਦਫ਼ਤਰ (ਆਰ.ਟੀ.ਓ.) ਨੂੰ 1.5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਆਰ.ਟੀ.ਓਜ਼ ਨੂੰ ਆਪਣੀਆਂ ਬੁਨਿਆਦੀ ਢਾਂਚੇ ਸਬੰਧੀ ਮੰਗਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨਪਾਵਰ ਦੀ ਘਾਟ ਨੂੰ ਪੂਰਾ ਕਰਨ ਲਈ ਟ੍ਰਾਂਸਪੋਰਟ ਵਿਭਾਗ ਵੱਲੋਂ ਤੇਜ਼ੀ ਨਾਲ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਡਰਾਈਵਿੰਗ ਟੈਸਟ ਟਰੈਕਸ ਦੇ ਸੰਚਾਲਨ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਪ੍ਰਿੰਟਿੰਗ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟਿੰਗ ਲਈ ਨਵੇਂ ਟੈਂਡਰਾਂ ਨੂੰ ਜਲਦ ਅੰਤਿਮ ਰੂਪ ਦਿੱਤਾ ਜਾਵੇਗਾ।  ਪੈਂਡਿੰਗ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੇ ਮੁੱਦੇ ਨੂੰ ਸੰਬੋਧਨ ਕਰਦਿਆਂ  ਉਨ੍ਹਾਂ ਭਰੋਸਾ ਦਿੱਤਾ ਕਿ ਬੈਕਲਾਗ ਦਾ ਦੋ ਮਹੀਨਿਆਂ ਦੇ ਅੰਦਰ-ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸੇਵਾ ਪ੍ਰਦਾਤਾ ਸਮਾਰਟ ਚਿੱਪ ਕੰਪਨੀ ਨੂੰ ਸੇਵਾ ਵਿੱਚ ਖਾਮੀਆਂ ਕਾਰਨ ਜਲਦ ਹੀ ਬਲੈਕਲਿਸਟ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਜ਼ਾਯੋਗ ਕਾਰਵਾਈ ਦੇ ਤੌਰ ’ਤੇ ਕੰਪਨੀ ਦੀ 5 ਕਰੋੜ ਰੁਪਏ ਦੀ ਸਕਿਓਰਿਟੀ ਰਾਸ਼ੀ ਜ਼ਬਤ ਕਰਨ ਦੇ ਨਾਲ-ਨਾਲ 5 ਕਰੋੜ ਰੁਪਏ ਦੀ ਬਕਾਇਆ ਅਦਾਇਗੀ ’ਤੇ ਵੀ ਰੋਕ ਲਗਾਈ ਗਈ ਹੈ। 

ਆਪਣੇ ਦੌਰੇ ਦੌਰਾਨ ਸ਼੍ਰੀ ਭੁੱਲਰ ਨੇ ਆਰ.ਟੀ.ਓ. ਜਲੰਧਰ ਬਲਬੀਰ ਰਾਜ ਸਿੰਘ ਨੂੰ ਪਾਰਦਰਸ਼ਤਾ ਵਿੱਚ ਵਾਧਾ ਕਰਨ ਲਈ ਵੱਖ-ਵੱਖ ਟਰਾਂਸਪੋਰਟ ਸੇਵਾਵਾਂ ਲਈ ਫੀਸ ਚਾਰਟ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਪਰੰਤ ਕੈਬਨਿਟ ਮੰਤਰੀ ਨੇ ਜਲੰਧਰ ਬੱਸ ਸਟੈਂਡ ਵਿਖੇ ਪ੍ਰਾਈਵੇਟ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਚੈਕਿੰਗ ਦੌਰਾਨ ਬਿਨਾਂ ਦਸਤਾਵੇਜ਼ਾਂ ਤੋਂ ਚੱਲਣ ਵਾਲੀਆਂ ਬੱਸਾਂ ਨੂੰ ਜ਼ਬਤ ਕਰਨ ਤੋਂ ਇਲਾਵਾ ਚਲਾਨ ਜਾਰੀ ਕੀਤੇ ਗਏ।

Leave a Reply

Your email address will not be published. Required fields are marked *