ਫ਼ਰੀਦਕੋਟ, 17 ਅਪ੍ਰੈਲ ( ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ ਚੰਦਰ ਸ਼ੇਖਕ ਕੱਕੜ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਚੱਲ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਗੁਪਤ ਸੂਚਨਾ ਦੇ ਅਧਾਰ ਤੇ ਜਿਲ੍ਹੇ ਵਿੱਚ ਚਾਰ ਅਣਅਧਿਕਾਰਤ ਸੈਂਟਰ ਸੀਲ ਕੀਤੇ ਗਏ ਅਤੇ ਮਰੀਜਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਤਬਦੀਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਜਿਲ੍ਹੇ ਵਿੱਚ ਚੱਲ ਰਹੇ ਅਣਾਧਿਕਾਰਤ ਨਸ਼ਾ ਛੁਡਾਊ ਕੇਂਦਰ ਜਿਹਨਾਂ ਵਿੱਚ ਏਕ ਜਰੀਆ ਫਾਉਂਡੇਸ਼ਨ ਵੈਲਫੇਅਰ ਸੁਸਾਇਟੀ ਸਾਦਿਕ ਰੋਡ ਫਰੀਦਕੋਟ 21 ਮਰੀਜ, ਨਿਊ ਲਾਈਫ ਯੂਥ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਪਿੰਡ ਗੋਲੇਵਾਲਾ 40 ਮਰੀਜ, ਹੋਪ ਯੂਥ ਫਾਉਂਡੇਸ਼ਨ ਨਸ਼ਾ ਮੁਕਤੀ ਵੈਲਫੇਅਰ ਸੁਸਾਇਟੀ ਚੱਕ ਕਲਿਆਣ 21 ਮਰੀਜ ਅਤੇ ਇੱਕ ਹੋਰ ਅਣਾਧਿਕਾਰਤ ਸੈਂਟਰ ਅਰਾਈਆ ਵਾਲਾ ਰੋਡ ਫਰੀਦਕੋਟ ਵਿਖੇ ਸੀਲ ਕੀਤੇ ਗਏ ਅਤੇ ਇਹਨਾਂ ਸੈਂਟਰਾਂ ਵਿੱਚ ਦਾਖਲ ਕੁੱਲ 82 ਮਰੀਜਾਂ ਨੂੰ ਮਾਡਲ ਡੀ-ਅਡੀਕਸ਼ਨ ਸੈਂਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਅਰਾਈਆਂਵਾਲਾ ਰੋਡ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ, ਹਮਦਰਦੀ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਯਤਨ ਕਰੇ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਫ਼ਰੀਦਕੋਟ ਜਿਲ੍ਹੇ ਵਿੱਚ ਓਟ ਕੇਂਦਰ, ਦੋ ਸਰਕਾਰੀ ਡੀ- ਅਡਿਕਸ਼ਨ ਸੈਂਟਰ ਜੋ ਕਿ 60 ਬੈੱਡਡ ਹਨ। ਤਿੰਨ ਪ੍ਰਾਈਵੇਟ ਡੀ-ਅਡਿਕਸ਼ਨ ਸੈਂਟਰ ਜੋ ਕਿ 25 ਬੈੱਡਡ ਹਨ। ਇੱਕ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਜੋ ਕਿ 50 ਬੈੱਡਡ ਹੈ ਅਤੇ ਇੱਕ ਪ੍ਰਾਈਵੇਟ ਰੀਹੈਬਲੀਟੇਸ਼ਨ ਸੈਂਟਰ ਜੋ ਕਿ 30 ਬੈੱਡਡ ਹੈ ਚੱਲ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਸਿਰਫ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਾਂ ਮਾਨਤਾ ਪ੍ਰਾਪਤ ਕੇਂਦਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਜਿਲ੍ਹੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਅਜਿਹੇ ਅਣਅਧਿਕਾਰਤ ਸੈਂਟਰ ਚੱਲ ਰਹੇ ਹਨ ਤਾਂ ਇਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।