ਮਾਨ ਸਰਕਾਰ ਨੇ ਡਾ. ਅੰਬੇਡਕਰ ਦਾ ਸੁਪਨਾ ਪੂਰਾ ਕੀਤਾ; ਅਨੁਸੂਚਿਤ ਜਾਤੀ ਭਾਈਚਾਰੇ ਨੂੰ ਕੈਬਨਿਟ ਨੁਮਾਇੰਦਗੀ, ਇਤਿਹਾਸਕ ਏ.ਜੀ. ਦਫ਼ਤਰ ਰਾਖਵਾਂਕਰਨ ਅਤੇ ਸੁਚਾਰੂ ਸਕਾਲਰਸ਼ਿਪ ਪ੍ਰਣਾਲੀ ਯਕੀਨੀ ਬਣਾਈ: ਬਰਿੰਦਰ ਕੁਮਾਰ ਗੋਇਲ

Politics Punjab

ਚੰਡੀਗੜ੍ਹ/ਬੁਢਲਾਡਾ, 14 ਅਪ੍ਰੈਲ:

ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਡੀ ਲੋਕ ਪ੍ਰਤੀਨਿਧਤਾ ਅਤੇ ਬੇਮਿਸਾਲ ਸੁਧਾਰਾਂ ਰਾਹੀਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਛੇ ਮੰਤਰੀਆਂ ਨੂੰ ਕੈਬਨਿਟ ਵਿੱਚ ਨੁਮਾਇੰਦਗੀ ਦਿੱਤੀ ਹੈ, ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕੀਤਾ ਹੈ ਅਤੇ ਅਨੁਸੂਚਿਤ ਜਾਤੀ ਸਕਾਲਰਸ਼ਿਪ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਹੈ।

ਬੁਢਲਾਡਾ ਦੇ ਗੁਰੂ ਨਾਨਕ ਕਾਲਜ ਵਿਖੇ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਸਕਾਲਰਸ਼ਿਪ, ਆਸ਼ੀਰਵਾਦ ਸਕੀਮ, ਸਵੈ-ਰੁਜ਼ਗਾਰ ਲਈ ਸਹਾਇਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਅਤੇ ਪੈਸੇ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਸਦਕਾ ਆਮ ਘਰਾਂ ਦੇ ਯੋਗ ਤੇ ਕਾਬਲ ਬੱਚੇ ਨੌਕਰੀਆਂ ਪ੍ਰਾਪਤ ਕਰ ਰਹੇ ਹਨ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਕਾਸ਼ ਬਾਂਸਲ, ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ ਅਤੇ ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਖ਼ੁਦ ਤੰਗੀਆਂ-ਤੁਰਸ਼ੀਆਂ ਵਿਚ ਰਹਿ ਕੇ ਲੋਕਾਂ ਦੇ ਘਰ ਰੌਸ਼ਨ ਕੀਤੇ। ਉਨ੍ਹਾਂ ਹਮੇਸ਼ਾ ਦੱਬੇ-ਕੁਚਲੇ ਤੇ ਪੱਛੜੇ ਵਰਗਾਂ ਦੀ ਸਮੁੱਚੀ ਭਲਾਈ ਲਈ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪਵੇਗਾ, ਉਹੀ ਦਹਾੜੇਗਾ।

ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਹਰ ਵਰਗ  ਨੂੰ ਸਮਾਨਤਾ ਅਤੇ ਸਿੱਖਿਆ ਦਾ ਅਧਿਕਾਰ ਪ੍ਰਦਾਨ ਕੀਤਾ ਜਿਸ ਸਦਕਾ ਅੱਜ ਸਾਡੇ ਆਮ ਘਰਾਂ ਦੇ ਨੌਜਵਾਨ ਮੁੰਡੇ-ਕੁੜੀਆਂ ਪੜ੍ਹ ਲਿਖ ਕੇ ਉੱਚ ਸੰਵਿਧਾਨਿਕ ਅਹੁਦਿਆਂ ’ਤੇ ਤੈਨਾਤ ਹਨ। ਬਾਬਾ ਸਾਹਿਬ ਦੇ ਦ੍ਰਿਸ਼ਟੀਕੋਣ ਅਤੇ ਅਣਥੱਕ ਯਤਨਾਂ ਸਦਕਾ ਪ੍ਰਗਤੀਸ਼ੀਲ ਭਾਰਤ ਦੀ ਨੀਂਹ ਰੱਖੀ ਗਈ। ਉਨ੍ਹਾਂ ਦੁਆਰਾ ਜਾਤੀ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਅਤੇ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਯਤਨ ਸਾਡੇ ਲਈ ਪ੍ਰੇਰਨਾਸ੍ਰੋਤ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਦੇ ਅਧਿਕਾਰਾਂ ਲਈ ਲੜਾਈ ਲੜੀ।

ਇਸ ਤੋਂ ਪਹਿਲਾਂ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਸੰਬੋਧਨ ਕਰਦਿਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਵਿਚਾਰਧਾਰਾ, ਸੰਘਰਸ਼ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੇ ਅਣਥੱਕ ਯਤਨਾਂ ਦੇ ਰੂਬਰੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਚੱਲਣ ਦੀ ਜ਼ਰੂਰਤ ਹੈ।

ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਮਾਜ ਵਿਚ ਕੁੱਝ ਵੱਖਰਾ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਤੇ ਡਾ. ਭੀਮ ਰਾਓ ਅੰਬੇਡਕਰ ਅਜਿਹੀ ਹੀ ਸਖਸ਼ੀਅਤ ਹਨ। ਡਾ. ਅੰਬੇਡਕਰ ਜੀ ਨੇ ਖ਼ੁਦ ਕੁਰੀਤੀਆਂ ਵਾਲੇ ਸਮਾਜ ’ਚੋਂ ਉੱਠ ਕੇ ਆਪ ਉਨ੍ਹਾਂ ਕੁਰੀਤੀਆਂ ਖਿਲਾਫ ਲੜ ਕੇ ਹੀ ਨਹੀਂ ਵਿਖਾਇਆ, ਬਲਕਿ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਸੰਵਿਧਾਨ ਦੀ ਰਚਨਾ ਕੀਤੀ। ਜੇਕਰ ਅਸੀਂ ਸਾਰੇ ਕੋਸ਼ਿਸ ਕਰੀਏ ਤਾਂ ਅਸੰਭਵ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ, ਬਾਬਾ ਸਾਹਿਬ ਦਾ ਸੰਘਰਸ਼ ਇਸ ਗੱਲ ਦੀ ਬਾਤ ਪਾਉਂਦਾ ਹੈ।

ਇਸ ਦੌਰਾਨ ਉਨ੍ਹਾਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਵੈ-ਰੁਜ਼ਗਾਰ ਲਈ ਕਰਜ਼ਾ ਸਕੀਮ ਅਤੇ ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਪੱਤਰ ਵੰਡੇ ਗਏ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਭੀਖੀ ਵਰਿੰਦਰ ਸੋਨੀ, ਚੇਅਰਮੈਨ ਮਾਰਕੀਟ ਕਮੇਟੀ ਬੋਹਾ ਰਣਜੀਤ ਸਿੰਘ, ਚੇਅਰਮੈਨ ਕੋਆਪਰੇਟਿਵ ਸੁਸਾਇਟੀ ਸੋਹਣਾ ਸਿੰਘ ਕਲੀਪੁਰ, ਐਸ.ਪੀ. (ਐਚ) ਜਸਕੀਰਤ ਸਿੰਘ ਅਹੀਰ, ਡੀ.ਐਸ.ਪੀ. ਪ੍ਰਿਤਪਾਲ ਸਿੰਘ, ਕਾਲਜ ਪ੍ਰਿੰਸੀਪਲ ਨਰਿੰਦਰ ਸਿੰਘ, ਵਾਇਸ ਪ੍ਰਿੰਸੀਪਲ ਰੇਖਾ ਕਾਲੜਾ, ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਕਾਲਜ ਦਾ ਸਟਾਫ, ਵਿਦਿਆਰਥੀ ਅਤੇ ਹੋਰ ਮੋਹਤਬਰ ਸਖਸ਼ੀਅਤਾਂ ਮੌਜੂਦ ਸਨ।

Leave a Reply

Your email address will not be published. Required fields are marked *