ਐਮ.ਐਲ.ਏ. ਸਮਾਣਾ ਚੇਤਨ ਸਿੰਘ ਜੌੜਾਮਾਜਰਾ ਨੇ ਮਹਿਮਦਪੁਰ ਤੋਂ ਵਜੀਦਪੁਰ ਨੂੰ ਜਾਂਦੀ ਸੜਕ ਦਾ ਰੱਖਿਆ ਨੀਂਹ ਪੱਥਰ

Politics Punjab

ਸਮਾਣਾ, 10 ਅਪ੍ਰੈਲ:
ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਹਲਕੇ ਦੇ ਵਿਕਾਸ ਕੰਮਾਂ ਨੂੰ ਹੋਰ ਅੱਗੇ ਤੋਰਦਿਆਂ ਪਿੰਡ ਮਹਿਮਦਪੁਰ ਤੋਂ ਵਜੀਦਪੁਰ ਤੱਕ 49 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਰਸਤਾ ਨਾ ਸਿਰਫ਼ ਆਵਾਜਾਈ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਏਗਾ, ਸਗੋਂ ਖੇਤਰ ਦੇ ਆਰਥਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿੰਡ ਮਹਿਮਦਪੁਰ ਤੋਂ ਵਜੀਦਪੁਰ ਤੱਕ ਬਣਨ ਵਾਲੀ ਇਸ ਸੜਕ ਨਾਲ ਸਮਾਣਾ ਹਲਕੇ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਤੇ ਇਹ ਹਲਕੇ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗਾ।  
ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤ ਉਪਲਬੱਧ ਕਰਵਾਉਣ ਦੇ ਨਾਲ ਨਾਲ ਮਾਨ ਸਰਕਾਰ ਵੱਲੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਰੋੜਾਂ ਰੁਪਏ ਨਾਲ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ, ਜਿਸ ਸਦਕਾ ਵੱਡੀ ਪੱਧਰ ’ਤੇ ਵਿਕਾਸ ਕਾਰਜ ਅਰੰਭੇ ਗਏ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ ਹਰੇਕ ਪਿੰਡ ਤੇ ਇਲਾਕੇ ਦੇ ਵਿਕਾਸ ਲਈ ਆਪਣੀ ਦ੍ਰਿੜ੍ਹਤਾ ਦਾ ਪ੍ਰਗਟਾਵਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਣਾ ਹਲਕੇ ਵਿੱਚ ਹੋਰ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਗੁਰਮੁੱਖ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਚਰਨ ਸਿੰਘ, ਜਰਨੈਲ ਸਿੰਘ, ਨੀਲਮ, ਅਮਨਦੀਪ ਕੌਰ ਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *