ਸ੍ਰੀ ਅਨੰਦਪੁਰ ਸਾਹਿਬ 08 ਅਪ੍ਰੈਲ ()
ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਵਿਸਾਖੀ ਦੇ ਤਿਉਹਾਰ ਮੌਕੇ 11 ਤੋ 13 ਅਪ੍ਰੈਲ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗਾ ਨਾਲ ਸਬੰਧਿਤ ਸੁਚਾਰੂ ਪ੍ਰਬੰਧ ਕਰਨ ਦੀ ਨਿਰਦੇਸ਼ ਦਿੱਤੇ ਹਨ।
ਐਸ.ਡੀ.ਐਮ ਨੇ ਕਿਹਾ ਹੈ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ 11 ਤੋਂ 13 ਅਪ੍ਰੈਲ ਤੱਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਅਸਥਾਨਾ ਦੇ ਦਰਸ਼ਨਾ ਲਈ ਆਉਦੇ ਹਨ। ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ 11 ਤੋਂ 13 ਅਪ੍ਰੈਲ ਤੱਕ ਸਬੰਧਤ ਵਿਭਾਗਾਂ ਵੱਲੋਂ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾਣ।
ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਉਕਤ ਸਮੇਂ ਦੌਰਾਨ ਲੋੜੀਂਦੇ ਸੁਰੱਖਿਆ, ਟ੍ਰੈਫਿਕ ਅਤੇ ਪਾਰਕਿੰਗ ਪ੍ਰਬੰਧ ਕਰਵਾਏ ਜਾਣ। ਉਨ੍ਹਾਂ ਨੇ ਨਗਰ ਕੋਂਸਲ ਨੂੰ ਹਦਾਇਤ ਕੀਤੀ ਹੈ ਕਿ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸ੍ਰੀ ਅਨੰਦਪੁਰ ਸਾਹਿਬ ਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਉਕਤ ਸਮੇਂ ਦੌਰਾਨ ਹਰ ਪੱਖੋਂ ਲੋੜੀਂਦੀ ਸਫ਼ਾਈ, ਪਾਣੀ ਦਾ ਛਿੜਕਾਓ ਕਰਵਾਇਆ ਜਾਵੇ ਤੇ ਸ਼ਹਿਰ ਦੀ ਮੁਕੰਮਲ ਸਫਾਈ ਤੇ ਸਟਰੀਟ ਲਾਈਟਾ ਵੀ ਚਾਲੂ ਰੱਖੀਆਂ ਜਾਣ। ਉਨ੍ਹਾਂ ਨੇ ਜਲ ਸਪਲਾਈ ਵਿਭਾਗ ਨੂੰ ਕਿਹਾ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਚਾਲੂ ਰੱਖੀ ਜਾਵੇ ਤੇ ਪੱਕੇ ਟਾਈਲਟ ਬਲਾਕਾ ਨੂੰ ਚਾਲੂ ਕੀਤਾ ਜਾਵੇ।
ਉਨ੍ਹਾਂ ਨੇ ਪਾਵਰ ਕਾਮ ਅਧਿਕਾਰੀਆਂ ਨੂੰ ਕਿਹਾ ਕਿ ਬਿਜਲੀ ਦੀ ਸਪਲਾਈ 24 ਘੰਟੇ ਨਿਰਵਿਘਨ ਚਾਲੂ ਕੀਤੀ ਜਾਵੇ ਅਤੇ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਸਾਰੀਆਂ ਸਟਰੀਟ ਲਾਈਟਾ ਚਾਲੂ ਕੀਤੀਆ ਜਾਣ। ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੂੰ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਤੇ ਸਟਾਫ ਉਪਲੱਬਧ ਰੱਖਣ ਲਈ ਕਿਹਾ ਤੇ ਐਬੂਲੈਂਸ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਅਤੇ ਸੀਨੀਅਰ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਨੂੰ ਵੀ ਆਪਣੇ ਆਪਣੇ ਹੈਲਥ ਸੈਂਟਰਾਂ ਵਿਚ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਹਨ।
ਵਿਸਾਖੀ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣਗੇ ਸੁਚਾਰੂ ਪ੍ਰਬੰਧ- ਜਸਪ੍ਰੀਤ ਸਿੰਘ


