ਬਰਨਾਲਾ, 5 ਅਪ੍ਰੈਲ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡਾਂ ਨਾਲ ਬਰਨਾਲਾ ਦੇ ਵਿਕਾਸ ਕਾਰਜ ਕਰਾਏ ਜਾ ਰਹੇ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਗਰਚਾ ਰੋਡ ‘ਤੇ 14.71 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਲਾਈਨਾਂ ਵਿਛਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਇਸ ਬਹੁ ਕਰੋੜੀ ਪ੍ਰੋਜੈਕਟ ਤਹਿਤ ਜਲ ਸਪਲਾਈ ਲਈ ਨਵੀਆਂ ਪਾਈਪਾਂ ਪੂਰੇ ਬਰਨਾਲੇ ਵਿੱਚ ਵੱਖ ਵੱਖ ਥਾਵਾਂ ‘ਤੇ ਪੈਣੀਆਂ ਹਨ। ਇਸ ਤੋਂ ਇਲਾਵਾ ਕਰੀਬ ਸਾਢੇ 14 ਲੱਖ ਦੀ ਲਾਗਤ ਨਾਲ ਪੂਰੇ ਗਰਚਾ ਰੋਡ ‘ਤੇ ਨਵੀਆਂ ਲਾਈਟਾਂ ਲੱਗੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੇ ਵਾਰਡ ਨੰਬਰ 21 ਅਤੇ 26 ਵਿੱਚ ਕਰੀਬ 80 ਲੱਖ ਦੀ ਲਾਗਤ ਨਾਲ ਜਲ ਸਪਲਾਈ ਲਈ ਦੋ ਟਿਊਬਵੈੱਲ ਵਾਰਡ ਵਾਸੀਆਂ ਨੂੰ ਸਮਰਪਿਤ ਕੀਤੇ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਰਨਾਲਾ ਵਾਸੀਆਂ ਨਾਲ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ ਵਾਅਦਾ ਕੀਤਾ ਸੀ, ਜਿਸ ਦਾ 80 ਕਰੋੜ ਤੋਂ ਵੱਧ ਦਾ ਟੈਂਡਰ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਲ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ ਹੀ ਚੁੱਕੀ ਹੈ ਅਤੇ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਜਲਦ ਹੀ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਉਹ ਨਵੇਂ ਵਿਕਾਸ ਪ੍ਰੋਜੈਕਟਾਂ ਲਈ ਬਰਨਾਲਾ ਵਾਸੀਆਂ ਨੂੰ ਵਧਾਈ ਦਿੰਦੇ ਹਨ ਓਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸੈਂਕੜੇ ਕਰੋੜ ਰੁਪਏ ਬਰਨਾਲਾ ਦੇ ਵਿਕਾਸ ਲਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਬਰਨਾਲਾ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ ਅਤੇ ਜਿਹੜੇ ਕੰਮ ਪਿਛਲੇ 25 ਸਾਲਾਂ ਵਿਚ ਵੀ ਨਹੀਂ ਹੋਏ ਉਹ ‘ਆਪ’ ਸਰਕਾਰ ਦੇ ਤਿੰਨ ਸਾਲਾਂ ਵਿਚ ਹੋਏ ਹਨ ਅਤੇ ਰਹਿੰਦੇ ਕੰਮ ਆਉਂਦੇ ਦੋ ਸਾਲਾਂ ਵਿਚ ਨੇਪਰੇ ਚਾੜ੍ਹੇ ਜਾਣਗੇ।
ਇਸ ਮੌਕੇ ਉਨ੍ਹਾਂ ਬਰਨਾਲੇ ਦੇ ਸੜਕੀ ਪ੍ਰੋਜੈਕਟਾਂ ਦੇ ਜਵਾਬ ਵਿੱਚ ਦੱਸਿਆ ਕਿ ਕਚਹਿਰੀ ਚੌਂਕ ਤੋਂ ਹੰਡਿਆਇਆ ਚੌਂਕ ਅਤੇ ਕਚਹਿਰੀ ਚੌਂਕ ਤੋਂ ਆਈਟੀਆਈ ਚੌਂਕ ਅਤੇ ਆਈਟੀਆਈ ਚੌਂਕ ਤੋਂ ਟੀ ਪੁਆਇੰਟ ਸੜਕਾਂ ਨੂੰ ਡਿਵਾਈਡਰ ਪਾ ਕੇ ਫੋਰਲੇਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ 80 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਹੈ, ਜਿਸ ਦੇ 13 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ, ਜਿਸ ਨਾਲ ਬਿਜਲੀ ਦੇ ਖੰਭੇ ਤਬਦੀਲ ਕਰਨ ਸਮੇਤ ਹੋਰ ਕੰਮ ਕੀਤੇ ਜਾ ਰਹੇ ਹਨ ਅਤੇ ਰਹਿੰਦੇ ਫੰਡ ਜਾਰੀ ਹੋਣ ‘ਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਜਿਸ ਨਾਲ ਬਰਨਾਲਾ ਵਾਸੀਆਂ ਦੀ ਵੱਡੀ ਮੰਗ ਨੂੰ ਬੂਰ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਨਗਰ ਕੌਂਸਲਰ ਰੁਪਿੰਦਰ ਸਿੰਘ ਸੀਤਲ ਤੇ ਹੋਰ ਐਮ ਸੀ ਸਾਹਿਬਾਨ ਅਤੇ ਪਤਵੰਤੇ ਹਾਜ਼ਰ ਸਨ।