ਕਿਸਾਨ ਵੀਰ ਝੋਨੇ ਅਤੇ ਨਰਮੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾ ਕਰਨ – ਮੁੱਖ ਖੇਤੀਬਾੜੀ ਅਫਸਰ

Faridkot Politics Punjab

ਫਰੀਦਕੋਟ 30 ਮਾਰਚ

ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਇਸ ਵਾਰ ਝੋਨੇ ਅਤੇ ਨਰਮੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਰੋਕ ਲਗਾਉਣ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ ਕੁਲਵੰਤ ਸਿੰਘ ਵੱਲੋਂ ਦਿੱਤੀ ਗਈ। ਉਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਨਰਮੇ ਅਤੇ ਝੋਨੇ ਦੀ ਬਿਜਾਈ ਕਰਨ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਬੀਜਾਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ। 

ਉਹਨਾਂ ਵੱਲੋਂ ਬੀਜ ਵਿਕਰੇਤਾਵਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਕਿਸਮ ਦੇ ਅਣਅਧਿਕਾਰਤ ਬੀਜਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਉਲੰਘਣਾ ਕਰਤਾ ਪਾਇਆ ਗਿਆ ਤਾਂ ਬੀਜ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵਿਖੇ ਉੱਡਣ ਦਸਤੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਸਮੇਂ-ਸਮੇਂ ਤੇ ਬੀਜ, ਦਵਾਈਆਂ ਅਤੇ ਖਾਦ ਵਿਕਰੇਤਾਵਾਂ ਦੀ ਚੈਕਿੰਗ ਅਤੇ ਸੈਪਲਿੰਗ ਕਰੇਗਾ ਅਤੇ ਇਹਨਾਂ ਦੁਕਾਨਾਂ ਤੋਂ ਇਲਾਵਾ ਦੂਸਰੇ ਬਾਹਰੀ ਰਾਜਾਂ ਤੋਂ ਦਾਖਲ ਹੋਣ ਵਾਲੇ ਅਣਅਧਿਕਾਰਤ ਬੀਜਾਂ ਨੂੰ ਰੋਕਣ ਸਬੰਧੀ ਵੀ ਨਿਗਰਾਨੀ ਰੱਖੇਗਾ ਅਤੇ ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *