ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫੈਂਸਿੰਗ ਕੋਰਟ ਲਈ ਪਿੰਡ ਰਾਣਵਾਂ ਦੀ ਪੰਚਾਇਤ ਨੂੰ 20 ਲੱਖ ਰੁਪਏ ਦਿੱਤੇ

Politics Punjab

ਖਮਾਣੋਂ/ਫ਼ਤਹਿਗੜ੍ਹ ਸਾਹਿਬ, 30 ਮਾਰਚ 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫੈਂਸਿੰਗ ਕੋਰਟ ਲਈ ਪਿੰਡ ਰਾਣਵਾਂ ਦੀ ਪੰਚਾਇਤ ਨੂੰ 20 ਲੱਖ ਰੁਪਏ ਦਾ ਚੈੱਕ ਦਿੱਤਾ। 

ਇਸ ਮੌਕੇ ਹਲਕਾ ਵਿਧਾਇਕ ਸ. ਹੈਪੀ ਨੇ ਕਿਹਾ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਜਦੋਂ ਤੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸੂਬੇ ਵਿੱਚ ਹਰ ਸਾਲ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਵੱਖ-ਵੱਖ ਪੱਧਰ ਦੇ ਖੇਡ ਮੁਕਾਬਲੇ ਕਰਾਏ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਖਿਡਾਰੀ ਹਿੱਸਾ ਲੈਂਦੇ ਹਨ।

ਹਲਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਅਤੇ ਪੰਜਾਬ ਸਰਕਾਰ ਦੀਆਂ ਖੇਡਾਂ ਸਬੰਧੀ ਸਕੀਮਾਂ ਅਤੇ ਸਹੂਲਤਾਂ ਦਾ ਲਾਹਾ ਲੈਣ। ਇਸ ਨਾਲ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਤੋਂ ਬਚੀ ਰਹੇਗੀ, ਉੱਥੇ ਆਪਣਾ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰੇਗੀ।

ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਵਿੱਚ ਬਹੁਤ ਹੀ ਕਮਾਲ ਦੇ ਖਿਡਾਰੀ ਮੌਜੂਦ ਹਨ ਪਰ ਕਈ ਵਾਰ ਉਹਨਾਂ ਨੂੰ ਢੁਕਵਾਂ ਮਾਹੌਲ ਨਾ ਮਿਲਣ ਕਾਰਨ, ਉਹ ਅੱਗੇ ਨਹੀਂ ਆ ਪਾਉਂਦੇ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਪਿੰਡਾਂ ਵਿੱਚ ਖੇਡ ਸਹੂਲਤਾਂ ਦੇਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਜ਼ਮੀਨੀ ਪੱਧਰ ਉੱਤੇ ਕੰਮ ਕਰ ਕੇ ਚੰਗੇ ਖਿਡਾਰੀਆਂ ਨੂੰ ਉਤਸ਼ਾਹਤ ਕਰ ਕੇ ਅੱਗੇ ਲਿਆਂਦਾ ਜਾ ਸਕੇ।  

ਹਲਕਾ ਬੱਸੀ ਪਠਾਣਾਂ ਵਿੱਚੋਂ ਫੈਂਸਿੰਗ ਦੇ ਬਹੁਤ ਹੀ ਵਧੀਆ ਖਿਡਾਰੀ ਪੈਦਾ ਹੁੰਦੇ ਰਹੇ ਹਨ ਤੇ ਪਿੰਡ ਰਾਣਵਾਂ ਵਿੱਚ ਫੈਂਸਿੰਗ ਕੋਰਟ ਬਣਨ ਦੇ ਨਾਲ ਫੈਂਸਿੰਗ ਦੇ ਖਿਡਾਰੀਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਮਿਲਣਗੀਆਂ, ਜਿਸ ਨਾਲ ਉਹ ਆਪਣਾ ਅਤੇ ਸੂਬੇ ਦਾ ਨਾਂ ਕੌਮਾਂਤਰੀ ਪੱਧਰ ਤੇ ਰੌਸ਼ਨ ਕਰ ਸਕਣਗੇ। 

ਪੰਜਾਬ ਸਰਕਾਰ ਵੱਲੋਂ ਕੀਤੇ ਉਪਰਲਿਆਂ ਸਦਕਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਸਾਲ 2024-25 ਦੌਰਾਨ ਸੂਬਾ ਪੱਧਰ ਉੱਤੇ 288 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਖੇਡ ਵਿਭਾਗ ਦੇ ਕੋਚਿਜ਼ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਖੇਡ ਵਿਭਾਗ ਦੀ ਸਕੀਮ ਅਧੀਨ ਡੇਅ-ਸਕਾਲਰ ਵਿੰਗ (ਸਕੂਲਜ਼) ਚਲਾਏ ਜਾਂਦੇ ਹਨ, ਜਿਸ ਵਿੱਚ ਪ੍ਰਤੀ ਖਿਡਾਰੀ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 125 ਰੁਪਏ ਦੀ ਸਵੇਰੇ-ਸ਼ਾਮ ਡਾਈਟ ਦਿੱਤੀ ਜਾਂਦੀ ਹੈ। 

ਇਸ ਮੌਕੇ ਬੀ.ਡੀ.ਪੀ.ਓ. ਖਮਾਣੋਂ, ਪਰਮਬੀਰ ਕੌਰ ਸਮੇਤ ਪਿੰਡ ਰਾਣਵਾਂ ਦੀ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *