ਮਗਨਰੇਗਾ ਵਰਕਰਾਂ ਨੂੰ ਬੀ.ਓ.ਸੀ. ਵੈਲਫੇਅਰ ਬੋਰਡ ਵਿੱਚ ਸ਼ਾਮਲ ਕਰਨ ਦੀ ਯੋਜਨਾ: ਤਰੁਨਪ੍ਰੀਤ ਸਿੰਘ ਸੌਂਦ

Politics Punjab

ਚੰਡੀਗੜ੍ਹ, 28 ਮਾਰਚ:

ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਾਰੇ ਮਗਨਰੇਗਾ ਵਰਕਰਾਂ ਨੂੰ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ (ਬੀ.ਓ.ਸੀ. ਵੈਲਫੇਅਰ ਬੋਰਡ) ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ।

ਵਿਧਾਇਕ ਦਿਨੇਸ਼ ਚੱਢਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬੀ.ਓ.ਸੀ. ਵੈਲਫੇਅਰ ਬੋਰਡ ਕੋਲ 28 ਮਾਰਚ, 2025 ਤੱਕ ਕੁੱਲ 11,16,651 ਉਸਾਰੀ ਕਿਰਤੀ ਰਜਿਸਟਰਡ ਹਨ। ਇਹ ਗਿਣਤੀ 1 ਜਨਵਰੀ 2022 ਨੂੰ 9,63,699 ਸੀ। ਇਸ ਹਿਸਾਬ ਨਾਲ ਪਿਛਲੇ ਸਵਾ ਤਿੰਨ ਸਾਲ ਦੌਰਾਨ  1,52,953 ਹੋਰ ਉਸਾਰੀ ਕਿਰਤੀ ਬੋਰਡ ਨਾਲ ਜੋੜੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਨਾਲ ਰਜਿਸਟਰਡ ਹੋਣ ਲਈ ਕਾਮੇ ਵੱਲੋਂ ਅਰਜੀ ਦਿੱਤੀ ਜਾਣੀ ਹੁੰਦੀ ਹੈ ਅਤੇ 145 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ।

ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਰਜਿਸਟਰਡ ਕਿਰਤੀਆਂ ਦੀ ਗਿਣਤੀ ਹੋਰ ਵਧਾਉਣ ਲਈ ਸਮੇਂ-ਸਮੇਂ ‘ਤੇ ਬੋਰਡ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਉਸਾਰੀ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਰਜਿਸਟਰਡ ਹੋਣ ਉਪਰੰਤ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਬੋਰਡ ਵੱਲੋਂ ਪੰਜਾਬ ਕਿਰਤੀ ਸਹਾਇਕ ਮੋਬਾਇਲ ਐਪ ਵੀ ਬਣਾਈ ਗਈ ਹੈ ਤਾਂ ਜੋ ਕਿਰਤੀ ਬਿਨਾਂ ਕਿਸੇ ਦਫਤਰ ਜਾਏ ਆਪਣੇ ਘਰ ਬੈਠ ਕੇ ਰਜਿਸਟ੍ਰੇਸ਼ਨ ਕਰ ਸਕੇ।

Leave a Reply

Your email address will not be published. Required fields are marked *