ਥਰਮਲ ਪਲਾਂਟ ਘਨੌਲੀ ਲਈ ਪਹੁੰਚ ਮਾਰਗ ਨੂੰ ਦਰੁਸਤ ਕਰਨ ਲਈ ਸਾਰੀਆਂ ਧਿਰਾਂ ਦੀ ਜਲਦ ਉਚ ਪੱਧਰੀ ਮੀਟਿੰਗ ਕੀਤੀ ਜਾਵੇਗੀ : ਹਰਭਜਨ ਸਿੰਘ ਈ.ਟੀ.ਉ.

Politics Punjab

ਚੰਡੀਗੜ੍ਹ, 24 ਮਾਰਚ: 

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਹਰਭਜਨ ਸਿੰਘ ਈ.ਟੀ.ਉ. ਨੇ ਇਕ ਧਿਆਨ ਦਿਵਾਊ ਮਤੇ ਤੇ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਲਈ ਪਹੁੰਚ ਮਾਰਗ ਨੂੰ ਦਰੁਸਤ ਕਰਨ ਲਈ ਸਾਰੀਆਂ ਧਿਰਾਂ ਦੀ ਜਲਦ ਉਚ ਪੱਧਰੀ ਮੀਟਿੰਗ ਕੀਤੀ ਜਾਵੇਗੀ।

ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੇਸ਼ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਰੋਪੜ ਨੂੰ ਹਾਲ ਦੀ ਘੜੀ ਦੋ ਸੜਕਾਂ ਨਾਲ ਪਹੁੰਚ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਐਨ.ਐਚ-205 ਦੇ ਬੀ.ਐਮ.ਐਲ ਬ੍ਰਿਜ ਨੇੜੇ ਪਿੰਡ ਮਲਿਕਪੁਰ ਤੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੱਕ ਥਰਮਲ ਪਲਾਂਟ ਵੱਲੋਂ ਪਹਿਲਾਂ ਹੀ ਆਪਣੀ ਪਹੁੰਚ ਸੜਕ ਨਹਿਰ ਦੇ ਨਾਲ-ਨਾਲ ਬਣਾਈ ਹੋਈ ਹੈ ਅਤੇ ਇਸ ਸੜਕ ਦਾ ਰੱਖ ਰਖਾਵ ਵੀ ਉਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਸੜਕ ਦੀ ਲੰਬਾਈ ਲੱਗਭੱਗ 3.00 ਕਿਲੋਮੀਟਰ ਅਤੇ ਚੌੜਾਈ 12 ਫੁੱਟ ਹੈ। ਥਰਮਲ ਪਲਾਂਟ ਵੱਲੋਂ ਭਾਰੀ ਵਾਹਨਾਂ ਦੀ ਆਵਾਜਾਈ ਲਈ ਇਸ ਸੜਕ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਨ.ਐਚ -205 ਤੋਂ ਚੰਦਪੁਰ ਤੋਂ ਲੋਹਗੜ੍ਹ ਫਿਡੇ ਅਪਟੂ ਥਰਮਲ ਪਲਾਂਟ ਵਾਇਆ ਗੁਜਰਾਤ ਅੰਬੂਜਾ ਸੀਮਿੰਟ ਫੈਕਟਰੀ ਪਿੰਡ ਨੂਹੋਂ ਰਾਹੀਂ ਵੀ ਥਰਮਲ ਪਲਾਂਟ ਨੂੰ ਪਹੁੰਚ ਕੀਤੀ ਜਾਂਦੀ ਹੈ। ਇਹ ਲੋਕ ਨਿਰਮਾਣ ਵਿਭਾਗ ਦੀ ਲਿੰਕ ਰੋਡ ਹੈ ਜਿਸ ਦੀ ਲੰਬਾਈ 5.90 ਕਿਲੋਮੀਟਰ ਅਤੇ ਚੌੜਾਈ 22 ਫੁੱਟ ਹੈ। ਇਸ ਸੜਕ ਤੋਂ ਗੁਜਰਾਤ ਅੰਬੂਜਾ ਸੀਮਿੰਟ ਫੈਕਟਰੀ ਅਤੇ ਸੁਪਰ ਥਰਮਲ ਪਲਾਂਟ ਦੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਅਕਸਰ ਦੁਰਘਟਨਾਵਾਂ ਵਾਪਰਦੀਆਂ ਹਨ ਅਤੇ ਧੂੜ ਮਿੱਟੀ ਦੇ ਪ੍ਰਦੂਸ਼ਣ ਕਾਰਨ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਥਰਮਲ ਪਲਾਂਟ ਦੀ ਪੌਂਡ ਐਸ਼ ਵਾਲੇ ਟਿੱਪਰਾਂ ਦੀ ਆਵਾਜਾਈ ਬੰਦ ਕਰਵਾ ਦਿੱਤੀ ਗਈ ਸੀ, ਜੋ ਕਿ ਅਜੇ ਤੱਕ ਬੰਦ ਹੈ। ਸੀਮਿੰਟ ਦੀ ਢੋਆ-ਢੁਆਈ ਵਾਲੀ ਗੱਡੀਆਂ ਇਸ ਸੜਕ ਦਾ ਇਸਤੇਮਾਲ ਕਰ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਦੇ ਕਮਰਸ਼ੀਅਲ ਵਾਹਨਾਂ ਲਈ ਵੱਡੇ ਰਸਤੇ ਦੀ ਯੋਜਨਾ ਬਾਰੇ ਸਥਾਨਕ ਪ੍ਰਸ਼ਾਸਨ, ਲੋਕ ਨਿਰਮਾਣ ਵਿਭਾਗ ਅਤੇ ਇਲਾਕਾ ਨਿਵਾਸੀਆਂ ਨਾਲ ਮੀਟਿੰਗਾਂ ਚੱਲ ਰਹੀਆਂ ਹਨ ।

Leave a Reply

Your email address will not be published. Required fields are marked *