ਸ੍ਰੀ ਅਨੰਦਪੁਰ ਸਾਹਿਬ, 14 ਮਾਰਚ:
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ ਕੱਪ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਹ ਮੁਕਾਬਲਾ ਅਨੰਦਪੁਰ ਸਾਹਿਬ ਹੈਰੀਟੇਜ ਫਾਉਂਡੇਸ਼ਨ ਨੇ ਚੰਡੀਗੜ੍ਹ ਤੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ।
ਇਸ ਮੌਕੇ ਸ. ਸੰਧਵਾਂ ਨੇ ਚਰਨ ਗੰਗਾ ਸਟੇਡੀਅਮ ਵਿਖੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅੱਜ ਮੈਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੀ ਅਤੇ ਇਸ ਮੌਕੇ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਇਸ ਵੱਖਰੀ ਖੇਡ ਦੇ ਪੋਲੋ ਮੈਚ ਵਿਚ ਆਉਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਮੈਂ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਸਾਰੇ ਗੁਰੂਆਂ ਵੱਲੋਂ ਦਰਸਾਏ ਰਸਤੇ ਉੱਤੇ ਚਲਦੇ ਹੋਏ ਸ਼ਾਂਤੀ, ਤਰੱਕੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਚੱਲਦੇ ਹੋਏ ਆਪਣੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਈਏ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੀਏ। ਸਪੀਕਰ ਨੇ ਅੱਗੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਪਵਿੱਤਰ ਖਾਲਸੇ ਦਾ ਜਨਮ ਸਥਾਨ ਹੈ ਜੋ ਸਾਨੂੰ ਸੱਚ ਦੇ ਰਸਤੇ ਉੱਤੇ ਚਲਦੇ ਹੋਏ ਜ਼ੁਲਮ ਅਤੇ ਹੋਰ ਕੁਰੀਤੀਆਂ ਤੋਂ ਬਚਣ ਲਈ ਪ੍ਰੇਰਨਾ ਦਾ ਸਰੋਤ ਹੈ।
ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੋਲੋ ਟੀਮ ਵਿਚ ਸੁਖਪਾਲ ਸਿੰਘ, ਸੁਮੇਰ ਸਿੰਘ, ਕਰਨਲ ਨਵਜੀਤ ਸਿੰਘ ਸੰਧੂ ਅਤੇ ਚੰਡੀਗੜ੍ਹ ਪੋਲੋ ਕਲੱਬ ਵਿੱਚ ਦਿਲਪ੍ਰੀਤ ਸਿੰਘ ਸਿੱਧੂ, ਦੀਪਕ ਵਾਲੀਆਂ, ਜਤਿੰਦਰ ਸਿੰਘ, ਭਾਨੂੰ ਪ੍ਰਤਾਪ ਨੇ ਪੋਲੋ ਖਿਡਾਰੀਆਂ ਵਿੱਚ ਹਿੱਸਾ ਲਿਆ। ਇਸ ਮੈਚ ਵਿੱਚ ਅੰਪਾਇਰ ਦੀ ਭੂਮਿਕਾ ਅਦਿਤਿਆਂ ਸਿੰਘ ਅਤੇ ਰੈਫਰੀ ਦੀ ਭੂਮਿਕਾ ਸੋਢੀ ਵਿਕਰਮ ਸਿੰਘ ਨੇ ਨਿਭਾਈ।