ਜਗਰੂਪ ਸਿੰਘ ਸੇਖਵਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੀ ਕੀਤੀ ਨਿੰਦਾ

Politics Punjab

ਗੁਰਦਾਸਪੁਰ, 8 ਮਾਰਚ 2025 (      ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੁਆਰਾ ਸੁਖਬੀਰ ਬਾਦਲ ਦੇ ਦਬਾਅ ਹੇਠ ਹਟਾਇਆ ਜਾਣਾ ਖਾਲਸਾ ਪੰਥ ਲਈ ਇੱਕ ਕਾਲਾ ਦਿਨ ਹੈ। ਮੈਂ ਇਸ ਅਣਯਾਇਕ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਫੈਸਲੇ ਦੀ ਘੋਰ ਨਿੰਦਾ ਕਰਦਾ ਹਾਂ।

ਇਹ ਪ੍ਰਗਟਾਵਾ ਕਰਦਿਆਂ ਚੇਅਰਮੈਨ ਅੇਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਮੀਰੀ-ਪੀਰੀ ਦੇ ਸਿਧਾਂਤ ਦੀ ਉਲੰਘਣਾ ਹੈ, ਜਿਸ ਅੰਦਰ ਧਾਰਮਿਕ ਅਤੇ ਸਿਆਸੀ ਨੇਤ੍ਰਤਵ ਦਾ ਸੰਤੁਲਨ ਬਣਾਈ ਰੱਖਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ਼ ਸਾਡੀ ਧਰਮਿਕ ਪ੍ਰਬੰਧਨਾ ਉੱਤੇ ਰਾਜਨੀਤੀ ਹਾਵੀ ਹੋ ਗਈ ਹੈ, ਜਦਕਿ ਸੱਚ ਇਹ ਹੈ ਕਿ ਸਿਆਸਤ ਨੂੰ ਧਰਮ ਦੇ ਅਧੀਨ ਹੋਣਾ ਚਾਹੀਦਾ ਹੈ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੀ ਦੁਨੀਆ ਦੇ ਸਿੱਖ ਇੱਕਜੁੱਟ ਹੋਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਖੋਈ ਹੋਈ ਮਾਣ-ਮਰਿਯਾਦਾ ਨੂੰ ਮੁੜ ਬਹਾਲ ਕਰਨ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਬੇਹਿਸਾਬ ਕੁਰਬਾਨੀਆਂ ਸਾਨੂੰ ਯਾਦ ਦਿਲਾਉਂਦੀਆਂ ਹਨ ਕਿ ਸਾਨੂੰ ਹਮੇਸ਼ਾ ਧਰਮ ਦੀ ਆਜ਼ਾਦੀ ਅਤੇ ਸੱਚਾਈ ਵਾਸਤੇ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਜਗਰੂਪ ਸਿੰਘ ਸੇਖਵਾਂ ਨੇ ਪੂਰੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਸ ਅਨੈਤਿਕ ਫੈਸਲੇ ਦੇ ਵਿਰੁੱਧ ਆਵਾਜ਼ ਉਠਾਓ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਜ਼ਤ ਮੁੜ ਬਹਾਲ ਕਰੋ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਹਮੇਸ਼ਾਂ ਬਹਾਲ ਰੱਖੇਗੀ।

Leave a Reply

Your email address will not be published. Required fields are marked *