ਏ.ਡੀ.ਸੀ. ਡਾ. ਬੇਦੀ ਦੀ ਹਾਜ਼ਰੀ ਵਿੱਚ ਆਰ.ਟੀ.ਏ. ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰਵਾਰ ਗ਼ਲਤ ਢੰਗ ਨਾਲ ਪਾਰਕ ਹੋਏ 15 ਵਾਹਨਾਂ ਦੇ ਚਲਾਨ ਕੱਟੇ

Gurdaspur Politics Punjab

ਗੁਰਦਾਸਪੁਰ, 27 ਫਰਵਰੀ (            ) – ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ ਅਤੇ ਸੜਕਾਂ ਕਿਨਾਰੇ ਵਾਹਨਾਂ ਦੀ ਗ਼ਲਤ ਪਾਰਕਿੰਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਟਰੈਫ਼ਿਕ ਜਾਮ ਤੋਂ ਰਾਹਤ ਮਿਲ ਸਕੇ। ਇਸ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਆਰ.ਟੀ.ਏ. ਦਵਿੰਦਰ ਕੁਮਾਰ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਦੇ ਬਾਹਰਵਾਰ ਗ਼ਲਤ ਢੰਗ ਨਾਲ ਪਾਰਕ ਹੋਈਆਂ 15 ਗੱਡੀਆਂ ਦੇ ਚਲਾਨ ਕੱਟੇ ਗਏ।  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਦੇ ਬਾਹਰਵਾਰ ਕੁਝ ਵਿਅਕਤੀ ਆਪਣੀ ਗੱਡੀਆਂ ਨੂੰ ਗ਼ਲਤ ਪਾਰਕ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵੱਡੀ ਰੁਕਾਵਟ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਆਮ ਲੋਕਾਂ ਅਤੇ ਵੱਖ-ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਵੀ ਆਪਣੇ ਦਫ਼ਤਰ ਪਹੁੰਚਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਐਂਬੂਲੈਂਸ ਤੇ ਸਕੂਲੀ ਬੱਚਿਆਂ ਦੀਆਂ ਵੈਨਾਂ ਵੀ ਟਰੈਫ਼ਿਕ ਜਾਮ ਵਿੱਚ ਫਸ ਜਾਂਦੀਆਂ ਹਨ। ਅਜਿਹੇ ਵਿੱਚ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਅੱਜ ਉਨ੍ਹਾਂ ਵੱਲੋਂ ਆਰ.ਟੀ.ਏ. ਦਵਿੰਦਰ ਕੁਮਾਰ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰਵਾਰ ਸੜਕ ਉੱਪਰ ਗ਼ਲਤ ਢੰਗ ਨਾਲ ਪਾਰਕ ਹੋਈਆਂ 15 ਗੱਡੀਆਂ ਦੇ ਚਲਾਨ ਕੱਟੇ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਪੇਡ ਪਾਰਕਿੰਗ ਮੌਜੂਦ ਹੈ ਜਿੱਥੇ ਵਾਜਬ ਕੀਮਤ ਦੀ ਪਰਚੀ ਕਟਾ ਕੇ ਲੋਕ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਵਿੱਚ ਵਾਹਨ ਚੋਰੀ ਹੋਣ ਦਾ ਵੀ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਬਣੀ ਪਾਰਕਿੰਗ ਵਿੱਚ ਵੀ ਆਪਣੇ ਵਾਹਨ ਲਗਾਉਣ।  ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਕੰਪਲੈਕਸ ਦੇ ਬਾਹਰਵਾਰ ਕੋਈ ਵਾਹਨ ਗ਼ਲਤ ਢੰਗ ਨਾਲ ਪਾਰਕ ਕੀਤਾ ਪਾਇਆ ਗਿਆ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *