ਕੁਸ਼ਟ ਰੋਗ ਬਾਰੇ ਜਾਗਰੂਕਤਾ ਰੈਲੀ ਰਾਹੀਂ ਕੀਤਾ ਜਾਗਰੂਕ

Politics Punjab

ਫਰੀਦਕੋਟ 21 ਫਰਵਰੀ 

ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਲੈਪਰੋਸੀ ਅਫਸਰ ਡਾ. ਗਗਨਜੋਤ ਕੌਰ ਦੀ ਅਗਵਾਈ ਵਿੱਚ ਜਿਲਾ ਫਰੀਦਕੋਟ ਵਿੱਚ ਲੈਪਰੋਸੀ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਸ ਲੜੀ ਤਹਿਤ ਅੱਜ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੁਸ਼ਟ ਰੋਗ ਤੋਂ ਬਚਾਅ, ਲੱਛਣਾਂ ਅਤੇ ਮੁਫਤ ਇਲਾਜ ਸਬੰਧੀ ਜਾਗਰੂਕਤਾ ਰੈਲੀ ਕੱਢੀ ।


ਲੈਪਰੋਸੀ ਜਾਗਰੂਕਤਾ ਸੈਮੀਨਾਰ ਮੌਕੇ ਸਿਵਲ ਸਰਜਨ ਡਾ. ਚੰਦਰ ਸੇਖਰ ਕੱਕੜ ਨੇ ਨਰਸਿੰਗ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਕੋਹੜ ਕੋਈ ਲਾਇਲਾਜ ਬਿਮਾਰੀ ਨਹੀਂ, ਇਹ ਹੁਣ ਇਲਾਜਯੋਗ ਹੈ। ਇਸ ਮੌਕੇ ਕੋਹੜ ਰੋਗ ਸਬੰਧੀ ਜਾਗਰੂਕ ਕਰਨ ਅਤੇ ਬਿਨਾਂ ਕਿਸੇ ਭੇਦਭਾਵ ਇਲਾਜ ਵਿੱਚ ਮਦਦ ਕਰਨ ਲਈ ਪ੍ਰਣ ਵੀ ਲਿਆ ਗਿਆ । ਲੈਪਰੋਸੀ ਪੰਦਰਵਾੜਾ ਦੌਰਾਨ ਕਰਵਾਏ ਗਏ ਪੇਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਅਤੇ ਸਮੂਹ ਪ੍ਰਤੀਭਾਗੀਆਂ ਸਰਟੀਫਿਕੇਟ ਵੀ ਦਿੱਤੇ ਗਏ ।

ਜਿਲਾ ਲੈਪਰੋਸੀ ਅਫਸਰ ਡਾ. ਗਗਨਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਚਮੜੀ ‘ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ‘ਤੇ ਗਰਮ-ਠੰਢੇ ਦਾ ਪਤਾ ਨਾ ਲੱਗੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ, ਅਜਿਹੇ ਲੱਛਣ ਹੋਣ ‘ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਮਾਹਿਰ ਡਾਕਟਰ ਕੋਲ ਚੈਕਅੱਪ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਇਸ ਰੋਗ ਤੋ ਹੋਣ ਵਾਲੀ ਕਰੂਪਤਾ (ਦਿਵਿਆਂਗਤਾ) ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਇਸ ਦਾ ਮੁਫ਼ਤ ਇਲਾਜ ਉਪਲਬਧ ਹੈ ਅਤੇ ਕੁਸ਼ਟ ਰੋਗੀ ਨਾਲ ਬੈਠਣ, ਖਾਣ, ਘੁੰਮਣ-ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ, ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਅਤੇ ਜਿਲਾ ਅਕਾਊਂਟਸ ਅਫਸਰ ਤੇਜਿੰਦਰ ਕੌਰ ਹਾਜਰ ਸਨ।