ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੇ ਕੱਢਿਆ ਪੰਜਾਬੀ ਜਾਗ੍ਰਿਤੀ ਮਾਰਚ

Jalandhar Politics Punjab

ਜਲੰਧਰ, 21 ਫਰਵਰੀ*

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।  ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁੱਕਰਵਾਰ ਨੂੰ ਪੰਜਾਬੀ ਜਾਗ੍ਰਿਤੀ ਮਾਰਚ ਕੱਢਿਆ ਗਿਆ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮਾਰਚ ਨਕੋਦਰ ਰੋਡ ‘ਤੇ ਸਥਿਤ ਲਾਇਲਪੁਰ ਖ਼ਾਲਸਾ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ‘ਚੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਰ ਹਾਲ ਵਿਖੇ ਸਮਾਪਤ ਹੋਇਆ।

ਜਾਗ੍ਰਿਤੀ ਮਾਰਚ ਵਿੱਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਿਆ। ਮੰਚ ਦੇ ਸਕੱਤਰ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਮਾਰਚ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਮੇਅਰ ਵਿਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਪਵਨ ਟੀਨੂੰ ਸਮੇਤ ਕਈ ਆਗੂ ਹਾਜ਼ਰ ਸਨ।

ਇਸ ਤੋਂ ਇਲਾਵਾ ਗਾਇਕ ਗੁਰਨਾਮ ਭੁੱਲਰ, ਕਮਲ ਹੀਰ, ਜੈਜ਼ੀ ਬੀ, ਪ੍ਰੀਤ ਹਰਪਾਲ ਅਤੇ ਦਲਵਿੰਦਰ ਦਿਆਲਪੁਰੀ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਗੀਤਾਂ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ।  ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ  ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਦੀਪਕ ਬਾਲੀ ਨੂੰ ਜਾਗ੍ਰਿਤੀ ਮਾਰਚ ਕੱਢਣ ਲਈ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ਬਾਲੀ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਨੇ  ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ।  ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਨੂੰ ਘਰ ਵਿੱਚ ਅਕਸਰ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ। ਭਾਸ਼ਾ ਭਾਵੇਂ ਕੋਈ ਵੀ ਹੋਵੇ, ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ।  ਅੰਤ ਵਿੱਚ ਉਨ੍ਹਾਂ ਪੰਜਾਬ ਜਾਗ੍ਰਿਤੀ ਮੰਚ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਮੰਚ ਦੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਭਾਸ਼ਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ  ਸਮਾਜ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਹੋਵੇਗਾ।  ਉਨ੍ਹਾਂ ਅੱਗੇ ਕਿਹਾ ਕਿ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਿੱਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਕਿਸੇ ਵੀ ਵਿਅਕਤੀ ਦੀ ਪਛਾਣ ਉਸ ਦੀ ਮਾਂ ਬੋਲੀ ਤੋਂ ਹੁੰਦੀ ਹੈ।  ਹਰ ਕਿਸੇ ਨੂੰ ਭਾਸ਼ਾ ਸਿੱਖਣੀ ਚਾਹੀਦੀ ਹੈ।  ਪਰ ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ।  ਮਾਰਚ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।

ਪੰਜਾਬ ਜਾਗ੍ਰਿਤੀ ਮਾਰਚ ਵਿੱਚ ਪੁੱਜੇ ਗਾਇਕ ਜੈਜ਼ੀ ਬੀ ਨੇ ਬੱਚਿਆਂ, ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਜੈਜ਼ੀ ਬੀ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਪੰਜਾਬੀ ਮੇਰੀ ਮਾਂ ਬੋਲੀ ਨਾ ਹੁੰਦੀ ਤਾਂ ਅੱਜ ਮੈਂ ਕਿਤੇ ਹੋਰ ਕੰਮ ਕਰ ਰਿਹਾ ਹੁੰਦਾ।

Leave a Reply

Your email address will not be published. Required fields are marked *