ਗਲਤ ਥਾਂ ਤੇ ਵਾਹਨ ਖੜ੍ਹੇ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ-ਡੀ.ਐਸ.ਪੀ.

Politics Punjab

ਮੰਡੀ ਗੋਬਿੰਦਗੜ੍ਹ, 11 ਫਰਵਰੀ:

          ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੰਡੀ ਗੋਬਿੰਦਗੜ੍ਹ ਜੀ.ਟੀ.ਰੋਡ. ਰੋਡ ਦੇ ਦੋਵੇਂ ਪਾਸੇ ਗਲਤ ਥਾਂ `ਤੇ ਵਾਹਨ ਖੜ੍ਹੇ ਕਰਨ ਵਾਲਿਆਂ ਵਿਰੁੱਧ ਮੰਡੀ ਗੋਬਿੰਦਗੜ੍ਹ ਦੀ ਟਰੈਫਿਕ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਨਵਰੀ ਮਹੀਨੇ ਦੌਰਾਨ ਟਰੈਫਿਕ ਪੁਲਿਸ ਵੱਲੋਂ ਗਲਤ ਥਾਂ `ਤੇ ਵਾਹਨ ਖੜ੍ਹੇ ਕਰਨ ਲਈ 600 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਡੀ.ਐਸ.ਪੀ. ਟਰੈਫਿਕ ਸ. ਖੁਸ਼ਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੜ੍ਹਕੀ ਨਿਯਮਾਂ ਦੀ ਪਾਲਣਾ ਬਹੁਤ ਜਰੂਰੀ ਹੈ ਕਿਉਂਕਿ ਸੜ੍ਹਕੀ ਨਿਯਮਾਂ ਦੀ ਪਾਲਣਾ ਕਰਕੇ ਸੜ੍ਹਕ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ।

          ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ `ਤੇ ਵੱਡੀ ਗਿਣਤੀ ਵਿੱਚ ਬੋਰਡ ਵੀ ਲਗਵਾਏ ਗਏ ਹਨ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਮੇਂ-ਸਮੇਂ ਤੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਲਤ ਥਾਂ `ਤੇ ਵਾਹਨ ਖੜ੍ਹੇ ਕਰਨ ਨਾਲ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਇਸ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਜ਼ਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਦ੍ਰਿੜਤਾ ਨਾਲ ਕਾਰਜ ਕਰ ਰਹੀ ਹੈ।

          ਟਰੈਫਿਕ ਇੰਚਾਰਜ ਬਲਜਿੰਦਰ ਸਿੰਘ ਨੇ ਮੰਡੀ ਗੋਬਿੰਦਗੜ੍ਹ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵੱਲੋਂ ਸੜ੍ਹਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਵਾਹਨ ਗਲਤ ਥਾਂ ਤੇ ਨਾ ਖੜ੍ਹੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਕੇ ਵਾਹਨ ਚਲਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। 

Leave a Reply

Your email address will not be published. Required fields are marked *