ਬਰਨਾਲਾ, 3 ਫਰਵਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਿਖੇ ਬਣੀ ਵਿਕਟਿਮ ਕੰਪਨਸੇਸ਼ਨ ਕਮੇਟੀ ਜਿਸ ਦੇ ਚੇਅਰਮੈਨ ਸ੍ਰੀ ਬੀ.ਬੀ.ਐੱਸ. ਤੇਜੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਹਨ, ਵੱਲੋਂ ਮ੍ਰਿਤਕ ਜਸਵੀਰ ਸਿੰਘ ਅਤੇ ਅਮਰਜੀਤ ਸਿੰਘ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਧਨ ਰਾਸ਼ੀ ਦਾ ਅਵਾਰਡ ਪਾਸ ਕੀਤਾ।
ਦੱਸਣਯੋਗ ਹੈ ਕਿ ਦਰਖਾਸਤ ਕਰਤਾ ਭੋਲੋ ਕੌਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਸ ਦੇ ਦੋਨੋਂ ਲੜਕੇ ਅਮਰਜੀਤ ਸਿੰਘ ਅਤੇ ਜਸਵੀਰ ਸਿੰਘ ਜੋ ਕਿ ਆਪਣੇ ਪਿਤਾ ਨਾਲ ਸੀਵਰੇਜ ਡੰਪ ਦੀ ਉਸਾਰੀ ਦਾ ਕੰਮ ਦੇਖ ਰਹੇ ਸੀ ਅਤੇ ਜਦੋਂ ਉਹ ਉਕਤ ਕੰਮ ਤੋਂ ਸ਼ਾਮ ਨੂੰ 7 ਵਜੇ ਦੇ ਕਰੀਬ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਦੋਸ਼ੀ ਵੱਲੋਂ ਉਸਦੇ ਦੋਵਾਂ ਪੁੱਤਰਾਂ ਜਸਵੀਰ ਸਿੰਘ ਅਤੇ ਅਮਰਜੀਤ ਸਿੰਘ ਦੀ ਛਾਤੀ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆ ਅਤੇ ਜਦੋਂ ਉਕਤ ਦੋਨੋ ਭਰਾਵਾਂ ਨੂੰ ਸਿਵਲ ਹਸਪਤਾਲ, ਬਰਨਾਲਾ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਲਈ ਉਕਤ ਕੇਸ ਸਬੰਧੀ ਪੁਲਿਸ ਸਟੇਸ਼ਨ ਰੂੜੇਕੇ ਕਲਾਂ ਵਿਖੇ ਇੱਕ ਮੁਕਦਮਾ ਦਰਜ ਹੋਇਆ ਅਤੇ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੂੰ ਮ੍ਰਿਤਕ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਸਬੰਧੀ ਹਦਾਇਤ ਕੀਤੀ ਗਈ ਜਿਸ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਉਕਤ ਮਾਮਲਾ ਵਿਕਟਿਮ ਕੰਪਨਸੇਸ਼ਨ ਕਮੇਟੀ, ਬਰਨਾਲਾ ਅੱਗੇ ਰੱਖਿਆ ਗਿਆ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਰੁਪਏ 4 ਲੱਖ ਦੀ ਧਨ ਰਾਸ਼ੀ ਦਾ ਅਵਾਰਡ ਪਾਸ ਕੀਤਾ ਗਿਆ।