ਜਲੰਧਰ, 3 ਫਰਵਰੀ :
ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਬਿਹਾਰ ਅਤੇ ਪੰਜਾਬ ਵਿਚਕਾਰ ਚੱਲ ਰਹੀ ਇੱਕ ਅਤਿ-ਆਧੁਨਿਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਸਫਲਤਾਪੂਰਵਕ ਤੋੜ ਦਿੱਤਾ ਹੈ। ਸੁਚੱਜੇ ਢੰਗ ਨਾਲ ਕੀਤੇ ਗਏ ਇਨ੍ਹਾਂ ਆਪ੍ਰੇਸ਼ਨਾਂ ਦੇ ਨਤੀਜੇ ਵਜੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੀ ਇਸ ਕਾਰਵਾਈ ਨਾਲ ਇੱਕ ਯੋਜਨਾਬੱਧ ਤਸਕਰੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ, ਜੋ ਰੇਲਵੇ ਰੂਟਾਂ ਦੀ ਵਰਤੋਂ ਕਰਦੇ ਸਨ ਅਤੇ ਫੜੇ ਜਾਣ ਤੋਂ ਬਚਣ ਲਈ ਮਹਿਲਾ ਕੈਰੀਅਰਾਂ ਦੀ ਵਰਤੋਂ ਕਰਦੇ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੂਜਾ ਕੁਮਾਰੀ (24) ਅਤੇ ਬਬੀਤਾ ਦੇਵੀ ਉਰਫ਼ ਬੱਬੋ (29) ਦੋਵੇਂ ਨਵਾਬਗੰਜ ਪੁਰਬਟੋਲਾ ਅਤੇ ਅਰਨਵ ਕੁਮਾਰ ਜੈਸਵਾਲ ਉਰਫ਼ ਲੱਲਨ (24) ਪਿੰਡ ਕੁਰਸ਼ੀਲਾ ਤੋਂ ਹੋਈ ਹੈ। ਇਹ ਸਾਰੇ ਜ਼ਿਲ੍ਹਾ ਕਟਿਹਾਰ, ਬਿਹਾਰ ਦੇ ਵਸਨੀਕ ਹਨ। ਇੱਕ ਵੱਖਰੇ ਆਪ੍ਰੇਸ਼ਨ ਵਿੱਚ ਪੁਲਿਸ ਨੇ ਪਿੰਡ ਚੂਹੜਵਾਲੀ ਦੇ ਵਸਨੀਕ ਮੋਹਿਤ ਢਾਂਡਾ ਉਰਫ਼ ਮੋਹਿਤ (24) ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਹੈਰੋਇਨ ਬਰਾਮਦ ਹੋਈ ਹੈ।
ਐਸ.ਐਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਖਾਸ ਖੁਫੀਆ ਜਾਣਕਾਰੀਆਂ ਤੋਂ ਬਾਅਦ ਕੀਤੀਆਂ ਗਈਆਂ। ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਸਰਵਨਜੀਤ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਨੇ ਵਿਸ਼ੇਸ਼ ਮੁਹਿੰਮ ਚਲਾਈ ਸੀ।
ਬਿਹਾਰ-ਅਧਾਰਤ ਤਸਕਰਾਂ ਨੂੰ ਬਿਧੀਪੁਰ ਰੇਲਵੇ ਫਾਟਕ ਦੇ ਨੇੜੇ ਰੋਕਿਆ ਗਿਆ, ਜਿੱਥੇ ਉਹ ਆਪਣੇ ਨਸ਼ੀਲੇ ਪਦਾਰਥਾਂ ਨਾਲ ਗਾਹਕਾਂ ਦੀ ਉਡੀਕ ਕਰ ਰਹੇ ਸਨ।
ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀਆਂ ਵਿਸ਼ੇਸ਼ ਟੀਮਾਂ ਨੇ ਰਣਨੀਤਕ ਤੌਰ ‘ਤੇ ਤੇਜ਼ੀ ਨਾਲ ਕਾਰਵਾਈਆਂ ਨੂੰ ਅੰਜਾਮ ਦਿੱਤਾ। ਪਹਿਲੀ ਟੀਮ ਨੇ 2 ਫਰਵਰੀ, 2025 ਨੂੰ ਬਿਹਾਰ-ਅਧਾਰਤ ਸ਼ੱਕੀਆਂ ਨੂੰ 20.2 ਕਿਲੋਗ੍ਰਾਮ ਗਾਂਜਾ ਬਰਾਮਦ ਕਰਦੇ ਹੋਏ ਗ੍ਰਿਫ਼ਤਾਰ ਕੀਤਾ, ਜਦੋਂ ਕਿ ਦੂਜੀ ਟੀਮ ਨੇ 1 ਫਰਵਰੀ ਨੂੰ ਮੋਹਿਤ ਢਾਂਡਾ ਨੂੰ 50 ਗ੍ਰਾਮ ਹੈਰੋਇਨ ਅਤੇ ਰਜਿਸਟ੍ਰੇਸ਼ਨ ਨੰਬਰ PB01-E-3617 ਵਾਲੀ ਇੱਕ ਹੋਂਡਾ ਅਮੇਜ਼ ਕਾਰ ਜ਼ਬਤ ਕਰਕੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ। ਐਫਆਈਆਰ ਨੰਬਰ 24 ਮਿਤੀ 02.02.2025 ਨੂੰ ਬਿਹਾਰ-ਅਧਾਰਤ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 20, 61, 85 ਦੇ ਤਹਿਤ ਥਾਣਾ ਮਕਸੂਦਨ ਵਿਖੇ ਦਰਜ ਕੀਤੀ ਗਈ ਹੈ। ਮੋਹਿਤ ਢਾਂਡਾ ਵਿਰੁੱਧ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21ਬੀ, 61, 85 ਦੇ ਤਹਿਤ 01.02.2025 ਨੂੰ ਪੁਲਿਸ ਸਟੇਸ਼ਨ ਆਦਮਪੁਰ ਵਿਖੇ ਇੱਕ ਹੋਰ ਐਫਆਈਆਰ ਨੰਬਰ 16 ਦਰਜ ਕੀਤੀ ਗਈ ਹੈ।
ਮੁੱਢਲੀ ਜਾਂਚ ਤੋਂ ਬਾਅਦ ਪਰਦਾਫਾਸ਼ ਹੋਇਆ ਹੈ ਕਿ ਸ਼ੱਕ ਤੋਂ ਬਚਣ ਲਈ ਬਿਹਾਰ ਤੋਂ ਰਣਨੀਤਕ ਤੌਰ ‘ਤੇ ਮਹਿਲਾਵਾਂ ਦੀ ਵਰਤੋਂ ਕਰਕੇ ਰੇਲ ਰੂਟਾਂ ਰਾਹੀਂ ਗਾਂਜਾ ਪਹੁੰਚਾਇਆ ਜਾ ਰਿਹਾ ਸੀ। ਸਥਾਨਕ ਮੁਲਜ਼ਮ ਮੋਹਿਤ ਢਾਂਡਾ, ਪਹਿਲਾਂ ਹੀ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲਿਆ ਜਾਵੇਗਾ।
ਐਸਐਸਪੀ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਨੇ ਨਸ਼ਿਆਂ ਵਿਰੁੱਧ ਸਖ਼ਤ ਨੀਤੀ ਬਣਾਈ ਹੋਈ ਹੈ ਅਤੇ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।