ਕਣਕ ਦੀ ਫ਼ਸਲ ਵਿਚ ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਦੀ ਵਰਤੋਂ ਕੀਤੀ ਜਾਵੇ :ਮੁੱਖ ਖੇਤੀਬਾੜੀ ਅਫ਼ਸਰ

Faridkot Politics Punjab

ਫਰੀਦਕੋਟ: 15 ਦਸੰਬਰ 2025 ( )            ਬਰਸਾਤ ਦਾ ਪਾਣੀ ਕਣਕ ਦੀ ਫ਼ਸਲ ਵਿਚ  ਲਗਾਤਾਰ ਖੜ੍ਹਾ ਰਹਿਣ  ਕਾਰਨ ਗੰਧਕ ਦੀ ਘਾਟ ਆ ਸਕਦੀ ਹੈ ਜਿਸ ਦੀ ਪੂਰਤੀ ਲਈ ਜਿੱਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ ।ਇਹ ਵਿਚਾਰ ਡਾਕਟਰ ਅਮਰੀਕ ਸਿੰਘ ਨੇ  ਪਿੰਡ ਮਹਿਮੂਆਣਾ ਵਿਚ ਕਿਸਾਨ ਸਰਬਜੀਤ ਸਿੰਘ ਦੁਆਰਾ ਐਮ.ਬੀ.ਪਲਾਓ, ਮਲਚਰ ਅਤੇ ਸੁਪਰ ਸੀਡਰ ਨਾਲ ਕਾਸ਼ਤ ਕੀਤੀ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।

ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਵਿਚ ਕੀਤੇ ਨਿਰੀਖਨ ਦੌਰਾਨ ਦੇਖਿਆ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਜਾਂ ਬੇਲਿੰਗ ਕਰਕੇ ਕਾਸ਼ਤ ਕੀਤੀ ਕਣਕ ਦੀ ਹਾਲਤ ਬਹੁਤ ਵਧੀਆ ਹੈ ਅਤੇ ਆਸ ਹੈ ਕਿ ਪੈਦਾਵਾਰ ਵੀ ਵਧੀਆ ਹੋਵੇਗੀ। ਉਨ੍ਹਾਂ ਦੱਸਿਆ ਕਿ ਬਰਸਾਤ ਦਾ ਪਾਣੀ ਲਗਾਤਾਰ ਕਣਕ ਦੀ ਫ਼ਸਲ ਵਿਚ ਖਾਸ ਕਰਕੇ ਰੇਤਲੀਆਂ ਜ਼ਮੀਨਾਂ ਵਿਚ ਖੜਾ ਰਹਿਣ ਕਾਰਨ ਫ਼ਸਲ ਵਿਚ ਗੰਧਕ (ਸਲਫ਼ਰ)  ਦੀ ਘਾਟ  ਆ ਜਾਂਦੀ ਹੈ। ਉਨਾਂ ਦੱਸਿਆ ਕਿ ਗੰਧਕ ਦੀ ਘਾਟ ਦੇ ਕਾਰਨ ਕਣਕ ਦੇ ਬੂਟਿਆਂ ਦੇ ਨਵੇਂ ਪੱਤਿਆਂ ਦੀਆਂ ਨੋਕਾਂ ਨੂੰ ਛੱਡ ਕੇ ਪੱਤਿਆਂ ਦਾ ਰੰਗ ਪੀਲਾ ਹੋ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਹਰੇ ਰਹਿੰਦੇ ਹਨ।

 ਉਨਾਂ ਕਿਹਾ ਕਿ ਜੇਕਰ ਕਿਤੇ ਅਜਿਹੀ ਸਮੱਸਿਆ ਪੈਦਾ ਹੁੰਦੀ ਹੈ ਤਾਂ 100 ਕਿਲੋ ਜਿਪਸਮ ਪ੍ਰਤੀ ਏਕੜ ਦਾ ਛੱਟਾ ਦੇ ਦੇਣਾ ਚਾਹੀਦਾ ਹੈ । ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਪਸਮ ਸਬਸਿਡੀ ਤੇ ਕਿਸਾਨਾਂ ਨੂੰ 205/- ਪ੍ਰਤੀ 50 ਕਿਲੋ ਦਿੱਤੀ ਜਾ ਰਹੀ ਹੈ । ਉਨਾਂ ਕਿਹਾ ਕਿ ਜਿਪਸਮ ਲੈਣ ਦੇ ਚਾਹਵਾਨ ਕਿਸਾਨ ਆਪਣੇ ਹਲਕੇ ਦੇ ਖੇਤੀ ਅਧਿਕਾਰੀਆਂ ਨੂੰ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਕਣਕ ਦੀ ਕਾਸ਼ਤ ਕੀਤੀ ਹੈ ਉਨ੍ਹਾਂ ਖੇਤਾਂ ਵਿਚ ਯੂਰੀਆ ਦੀ ਪਹਿਲੀ ਕਿਸ਼ਤ ਪਾਉਣ ਤੋਂ ਬਾਅਦ 45 ਦਿਨ ਦਿਨ ਦੀ ਕਣਕ ਹੋਣ ਤੇ 15 ਕਿਲੋ ਯੂਰੀਆ ਨੂੰ 200 ਲਿਟਰ ਪਾਣੀ ਦੇ ਘੋਲ ਦਾ ਦੋਹਰਾ ਛਿੜਕਾਅ ਕਰ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਕਰਨ ਤੋਂ ਹਫਤੇ ਬਾਅਦ ਦੁਬਾਰਾ ਛਿੜਕਾਅ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਜੇਕਰ ਨੀਂਵੇ ਇਲਾਕਿਆਂ ਵਿਚ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਹੈ ਤਾਂ ਤੁਰੰਤ ਖੇਤਾਂ ਵਿਚੋਂ ਪਾਣੀ ਕੱਢ ਦਿੱਤਾ ਜਾਵੇ ।

 ਉਨਾਂ ਕਿਹਾ ਕਿ ਜੇਕਰ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਨਾਲ ਕਣਕ ਦੀ ਫ਼ਸਲ ਦੇ ਹੇਠਲੇ ਪੱਤੇ ਪੀਲੇ ਹੁੰਦੇ ਹਨ ਤਾਂ ਤਿੰਨ ਕਿਲੋ ਯੂਰੀਆ ਨੁੰ 100 ਲਿਟਰ ਪਾਣੀ ਦੇ ਘੋਲ ਵਿਚ ਗੋਲ ਨੋਜ਼ਲ ਨਾਲ ਛਿੜਕਾਅ ਕਰ ਦੇਣਾ ਚਾਹੀਦਾ । ਡਾ. ਗੁਰਪ੍ਰੀਤ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ ਫਰੀਦਕੋਟ ਨੇ ਕਣਕ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲ਼ੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਾਫੀ ਲੰਬੇ ਸਮੇਂ ਤੋਂ  ਅਤੇ ਤਿਨ ਸਾਲ ਤੋਂ 30-35 ਏਕੜ ਰਕਬੇ ਵਿੱਚ ਐਮ.ਬੀ.ਪਲਾਓ, ਮਲਚਰ ਅਤੇ ਸੁਪਰ ਸੀਡਰ  ਦੇ ਨਾਲ- ਨਾਲ 3-4 ਏਕੜ ਵਿਚ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ । ਉਨਾਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਕਿਤੇ ਕਿਤੇ ਦੇਖਿਆ ਗਿਆ ਸੀ ਪ੍ਰੰਤੂ ਖੇਤੀ ਅਧਿਕਾਰੀਆਂ ਦੁਆਰਾ ਸਿਫਾਰਸ਼ ਕੀਟਨਾਸ਼ਕ ਦਾ ਛਿੜਕਾਅ ਕਰਕੇ ਰੋਕਥਾਮ ਕਰ ਲਈ ਗਈ। ਇਸ ਮੌਕੇ ਸੁਖਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ,  ਅਗਾਂਹ ਵਧੂ ਕਿਸਾਨ ਜਗਤਾਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *