ਮਾਨਸਾ, 14 ਜਨਵਰੀ:
ਅੱਜ ਦੇ ਯੁੱਗ ਵਿਚ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋ ਘੱਟ ਨਹੀਂ ਹਨ ਚਾਹੇ ਉਹ ਪੜ੍ਹਾਈ, ਖੇਡਾਂ ਜਾਂ ਵਿਗਿਆਨ ਦਾ ਖੇਤਰ ਹੋਵੇ, ਕੁੜੀਆਂ ਸਮਾਜ ਨੂੰ ਉੱਚਾ ਚੁੱਕਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਬੱਚਤ ਭਵਨ ਮਾਨਸਾ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਯੋਜਿਤ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਮੌਕੇ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਅਤੇ ਖਿਡਾਰਨਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਧੀਆਂ ਆਪਣੇ ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ ਜੇਕਰ ਉਨ੍ਹਾਂ ਨੂੰ ਇਕ ਵਧੀਆ ਪਲੇਟਫਾਰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਹੁਨਰ ਸਦਕਾ ਆਪਣਾ ਨਾਮ ਆਪ ਬਣਾ ਸਕਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਲੋਹੜੀ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਜਿਸ ਨੂੰ ਹਰ ਵਰਗ ਮਿਲ ਜੁਲ ਕੇ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਜ ਦੀ ਸੋਚ ਬਹੁਤ ਬਦਲ ਗਈ ਹੈ, ਹੁਣ ਲੋਕ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੇ ਤਿਉਹਾਰ ਮਨਾਉਂਦੇ ਹਨ ਅਤੇ ਧੀ ਜੰਮਣ ’ਤੇ ਵੀ ਖੁਸ਼ੀ ਮਨਾਈ ਜਾਣ ਲੱਗੀ ਹੈ ਜੋ ਕਿ ਔਰਤ ਦੇ ਸਨਮਾਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿਚ ਧੀਆਂ ਹੁੰਦੀਆਂ ਹਨ ਉੱਥੇ ਖੁਸ਼ਹਾਲੀ ਰਹਿੰਦੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ, ਗੁਣ ਅਤੇ ਚੰਗੇ ਸੰਸਕਾਰ ਦੇਣ ਤਾਂ ਜੋ ਉਹ ਸਮਾਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਸਕਣ।
ਇਸ ਉਪਰੰਤ ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ 21 ਨਵਜੰਮੀਆਂ ਧੀਆਂ ਨੂੰ ਵਧਾਈ ਸਰਟੀਫਿਕੇਟ, ਮੁੰਗਫਲੀ, ਰੇਵੜੀ, ਬੇਬੀ ਕੰਬਲ ਅਤੇ ਬੇਬੀ ਕੇਅਰ ਕਿੱਟਾਂ ਦੇ ਕੇ ਸਨਮਾਨਿਤ ਕਰਦਿਆਂ ਇੰਨ੍ਹਾਂ ਨਵ ਜੰਮੀਆਂ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਬਲਾਕ ਪੱਧਰ ’ਤੇ ਵੀ 21-21 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ।
ਇਸ ਮੌਕੇ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ, ਮਾਨਸਾ ਸ੍ਰੀਮਤੀ ਹਰਜਿੰਦਰ ਕੌਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬੁਢਲਾਡਾ ਸ੍ਰੀਮਤੀ ਨਿਰਮਲਾ ਦੇਵੀ ਦੇ ਨਾਲ ਸਮੂਹ ਸਟਾਫ ਅਤੇ ਸੁਪਰਵਾਈਜ਼ਰ ਮੌਜੂਦ ਸਨ।