ਖਡੂਰ ਸਾਹਿਬ, 14 ਜਨਵਰੀ :
ਅੱਜ ਦੇ ਸਮੇਂ ਵਿੱਚ ਪੰਜਾਬ ਦੇ ਕਿਸਾਨ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਆਖ ਰਹੇ ਨੇ। ਪੰਜਾਬ ਵਿੱਚ ਕਿਸਾਨਾਂ ਦੇ ਬੱਚੇ ਵੱਡੇ ਪੱਧਰ ਉੱਤੇ ਖੇਤੀ ਦਾ ਧੰਦਾ ਛੱਡ ਕੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਰਹੇ ਹਨ।ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਨੂੰ ਕਣਕ ਅਤੇ ਝੋਨੇ ਦੀ ਦੋ ਫ਼ਸਲੀ ਚੱਕਰ ਵਿਚੋਂ ਕੱਢ ਕੇ ਹੋਰ ਬਦਲਵੀਆਂ ਫ਼ਸਲਾਂ ਵੱਲ ਜਾਣ ਦੀ ਜ਼ਰੂਰਤ ਹੈ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਵੇਈਂ ਪੂਈਂ ਦੇ ਕਿਸਾਨ ਕੁਲਦੀਪ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਗਿਆ। ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਨੇ ਦੱਸਿਆ ਕਿ ਜਿੱਥੇ ਹਰ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਉਲਝਿਆ ਪਿਆ ਹੈ ਉੱਥੇ ਹੀ ਜ਼ਿਲਾ ਤਰਨ ਤਾਰਨ ਦੇ ਪਿੰਡ ਵੇਈਂ ਪੂਈਂ ਦੇ ਕਿਸਾਨ ਕੁਲਦੀਪ ਸਿੰਘ ਦੀ ਨੂੰਹ ਤਜਿੰਦਰ ਕੌਰ ਕਣਕ-ਝੋਨੇ ਦੇ ਦੋ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਦੇਸੀ ਮੁਰਗੇ ਮੁਰਗੀਆਂ, ਬੱਤਖ਼,ਇਮੋਂ ਅਤੇ ਕੜਕਨਾਥ ਮੁਰਗਿਆਂ ਦਾ ਸਹਾਇਕ ਧੰਦਾ ਕਰ ਰਹੇ ਹਨ ਅਤੇ ਇਸ ਤੋਂ ਦੁਗਣੇ ਮੁਨਾਫ਼ੇ ਦਾ ਦਾਅਵਾ ਵੀ ਕਰਦੇ ਹਨ।
ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਨੂੰਹ ਦੱਸਦੇ ਹਨ ਕਿ ਝੋਨੇ ਦੀ ਖੇਤੀ ਵਿੱਚ ਪਾਣੀ ਦੀ ਬਹੁਤ ਖ਼ਪਤ ਹੁੰਦੀ ਹੈ। ਇਸ ਨਾਲ ਸਾਡਾ ਜ਼ਮੀਨੀ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਫ਼ਸਲ ਦੀ ਵਾਢੀ ਤੋਂ ਬਾਅਦ ਪਰਾਲੀ ਵੀ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ । ਇਸ ਕਰਕੇ ਸਾਨੂੰ
ਕਣਕ ਝੋਨੇ ਨੂੰ ਬੀਜਣ ਵਾਲੀਆਂ ਉਹਨਾਂ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਪਾਣੀ ਦੀ ਬੱਚਤ ਹੋਵੇ ਅਤੇ ਸਹਾਇਕ ਧੰਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਡਾਕਟਰ ਯਾਦਵਿੰਦਰ ਸਿੰਘ ਨੇ ਦੱਸਿਆ
ਸਾਨੂੰ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ। ਜਿਸ ਨਾਲ ਸਾਨੂੰ ਰੋਜ਼ਾਨਾ ਆਮਦਨ ਹੁੰਦੀ ਰਹੇ ਅਤੇ ਖੇਤੀ ਖਰਚੇ ਘੱਟ ਸਕਣ ।ਇਸ ਮੌਕੇ ਉਨ੍ਹਾਂ ਨਾਲ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਗੁਰਪ੍ਰਤਾਪ ਸਿੰਘ ਬੇਲਦਾਰ ਹਾਜ਼ਰ ਸਨ।