ਸੁਨਾਮ ਊਧਮ ਸਿੰਘ ਵਾਲਾ, 13 ਜਨਵਰੀ –
ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿਖੇ ਸਫਾਈ ਵਿਵਸਥਾ ਵਿੱਚ ਹੋਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਲਗਭਗ 42 ਲੱਖ ਰੁਪਏ ਦੀ ਲਾਗਤ ਵਾਲੇ 8 ਈ-ਰਿਕਸ਼ਾ ਅਤੇ 3 ਟਾਟਾ ਏਸ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੌਂਪੇ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਸਾਫ ਸਫਾਈ ਨਾਲ ਸਬੰਧਤ ਸਾਜੋ ਸਮਾਨ ਅਤੇ ਆਧੁਨਿਕ ਵਾਹਨ ਨਗਰ ਕੌਂਸਲ ਨੂੰ ਬੁਨਿਆਦੀ ਢਾਂਚੇ ਵਜੋਂ ਉਪਲਬਧ ਕਰਵਾਏ ਜਾ ਚੁੱਕੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਨਾਗਰਿਕ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਦੀ ਮੁਹਿੰਮ ਵਿੱਚ ਸਹਿਯੋਗ ਦੇਣ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਹਨਾਂ ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਤਰ ਕਰਨ ਲਈ ਲਗਾਏ ਗਏ ਇਹ ਵਾਹਨ ਆਪਣੇ ਮਕਸਦ ਵਿੱਚ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਲੋਕ ਆਪਣੇ ਘਰਾਂ ਵਿੱਚੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਕਰਕਟ ਵੱਖ-ਵੱਖ ਕਰਕੇ ਦੇਣ ਤਾਂ ਜੋ ਕੂੜੇ ਤੋਂ ਖਾਦ ਅਤੇ ਹੋਰ ਢੰਗਾਂ ਰਾਹੀਂ ਯੋਗ ਪ੍ਰਬੰਧਨ ਕਰਵਾਇਆ ਜਾ ਸਕੇ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਵੱਲੋਂ ਸੁਨਾਮ ਹਲਕੇ ਨੂੰ ਵਿਕਾਸ ਕਾਰਜਾਂ ਲਈ ਸਮੇਂ ਸਿਰ ਗਰਾਂਟਾਂ ਜਾਰੀ ਕਰਵਾਈਆਂ ਜਾ ਰਹੀਆਂ ਹਨ।
ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ, ਚੀਮਾ, ਲੌਂਗੋਵਾਲ ਦੇ ਹਰ ਇੱਕ ਹਿੱਸੇ ਵਿੱਚ ਵੱਸਦੇ ਲੋਕਾਂ ਦੀਆਂ ਜਰੂਰਤਾਂ ਅਤੇ ਪ੍ਰਮੁੱਖ ਲੋੜਾਂ ਤੋਂ ਉਹ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਚਮਕੌਰ ਹਾਂਡਾ ਐਮ.ਸੀ, ਗੁਰਦੇਵ ਸਿੰਘ ਨਿੱਕਾ ਐਮ.ਸੀ, ਜਤਿੰਦਰ ਜੈਨ, ਨਿਰਮਲਾ ਦੇਵੀ, ਰਵੀ ਗੋਇਲ, ਮਨਪ੍ਰੀਤ ਬਾਂਸਲ, ਨਰਿੰਦਰ ਠੇਕੇਦਾਰ, ਹਰਵਿੰਦਰ ਸਿੰਘ ਨਾਮਧਾਰੀ, ਸਾਹਿਬ ਸਿੰਘ ਤੇ ਸੰਦੀਪ ਜਿੰਦਲ ਬਲਾਕ ਪ੍ਰਧਾਨ, ਰਿਸ਼ਵ ਸ਼ਰਮਾ, ਯਾਦਵਿੰਦਰ ਰਾਜਾ ਪ੍ਰਧਾਨ ਟਰੱਕ ਯੂਨੀਅਨ, ਲਾਭ ਸਿੰਘ ਨੀਲੋਵਾਲ, ਰਿੰਪੀ ਥਿੰਦ, ਰਾਮ ਕੁਮਾਰ, ਸੁਭਾਸ਼ ਤਨੇਜਾ ਵੀ ਹਾਜ਼ਰ ਸਨ।