ਲੋਕ ਨਿਰਮਾਣ ਵਿਭਾਗ ਨੇ ਬਜਟ ਵਿੱਚ 46% ਵਾਧੇ ਸਦਕਾ ਸਾਲ 2024 ਵਿੱਚ ਅਹਿਮ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਸਿੰਘ ਈਟੀਓ

Politics Punjab

 ਚੰਡੀਗੜ੍ਹ, 31 ਦਸੰਬਰ

 ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਨੂੰ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਨੇ ਸਾਲ 2024 ਵਿੱਚ ਬਜਟ ਪ੍ਰਬੰਧਾਂ ਵਿੱਚ 46 ਪ੍ਰਤੀਸ਼ਤ ਦੇ ਵਾਧੇ ਕਾਰਨ, ਜੋ ਪਿਛਲੇ ਸਾਲ 1425.76 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2024-25 ਲਈ 2072 ਕਰੋੜ ਰੁਪਏ ਹੋ ਗਿਆ, ਬਹੁਤ ਸਾਰੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਚਲਾਇਆ ਹੈ।

 ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਫੰਡਿੰਗ ਵਿੱਚ ਇਸ ਮਹੱਤਵਪੂਰਨ ਵਾਧੇ ਨੇ ਵਿਭਾਗ ਨੂੰ ਸਾਲ 2024-25 ਦੌਰਾਨ 740 ਕਿਲੋਮੀਟਰ ਯੋਜਨਾ ਵਾਲੀਆਂ ਸੜਕਾਂ ‘ਤੇ 560 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਉਣ ਦੇ ਯੋਗ ਬਣਾਇਆ।  ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 367.53 ਕਰੋੜ ਰੁਪਏ ਦੀ ਲਾਗਤ ਨਾਲ 643 ਕਿਲੋਮੀਟਰ ਯੋਜਨਾ ਸੜਕਾਂ, ਜੋ ਮਹੱਤਵਪੂਰਨ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਸੰਪਰਕ ਪ੍ਰਦਾਨ ਕਰਦੀਆਂ ਹਨ, ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ‘ਤੇ ਕੰਮ ਜਾਰੀ ਹੈ।

 ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਚੋਣ ਇੱਕ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਜਿਸ ਦੌਰਾਨ ਰਾਜ ਦੀਆਂ ਸਾਰੀਆਂ ਯੋਜਨਾ ਸੜਕਾਂ ਦਾ ਵਿਆਪਕ ਸਰਵੇਖਣ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਮੁਕੰਮਲ ਹੋ ਚੁੱਕੀਆਂ ਮੁੱਖ ਸੜਕਾਂ ਵਿੱਚ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ (ਸਟੇਟ ਹਾਈਵੇ-11), ਲੁਧਿਆਣਾ ਦੱਖਣੀ ਬਾਈਪਾਸ, ਸਰਦੂਲਗੜ੍ਹ-ਮਾਨਸਾ ਰੋਡ ਤੋਂ ਤਲਵੰਡੀ ਸਾਬੋ ਵਾਇਆ ਜਟਾਣਾ ਕਲਾਂ-ਕੁਸਲਾ ਅਤੇ ਪਟਿਆਲਾ-ਗੂਲ੍ਹਾ ਚੀਕਾ ਰੋਡ ਸ਼ਾਮਲ ਹਨ।

 “ਇਸ ਤੋਂ ਇਲਾਵਾ, ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ, ਰੂਪਨਗਰ-ਸ਼੍ਰੀ ਚਮਕੌਰ ਸਾਹਿਬ-ਨੀਲੋਂ-ਦੋਰਾਹਾ, ਅਤੇ ਬਠਿੰਡਾ-ਤਲਵੰਡੀ-ਰੋੜੀ-ਸਰਦੂਲਗੜ੍ਹ ਵਰਗੇ ਕਈ ਸੜਕੀ ਕੰਮ ਮੁਕੰਮਲ ਹੋਣ ਦੇ ਨੇੜੇ ਹਨ”।

 ਸਾਰੀਆਂ ਵਿਧਾਨਕ ਪ੍ਰਵਾਨਗੀਆਂ ਤੋਂ ਬਾਅਦ ਪਟਿਆਲਾ-ਸਰਹਿੰਦ ਸੜਕ ਦੇ 4-ਮਾਰਗੀ ਕੰਮ ਦੀ ਸ਼ੁਰੂਆਤ ਬਾਰੇ ਚਾਨਣਾ ਪਾਉਂਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਵਿਉਪਾਰ ਮਿਲਨੀ ਦੌਰਾਨ ਕੀਤਾ ਸੀ।  ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਆਵਾਜਾਈ ਦੇ ਪ੍ਰਵਾਹ ਅਤੇ ਸੰਪਰਕ ਵਿੱਚ ਕਾਫੀ ਸੁਧਾਰ ਹੋਣ ਦੀ ਉਮੀਦ ਹੈ।

 ਆਵਾਜਾਈ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ਦਾ ਖੁਲਾਸਾ ਕਰਦੇ ਹੋਏ, ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ 532.50 ਕਰੋੜ ਰੁਪਏ ਦੀ ਲਾਗਤ ਨਾਲ 33 ਰੋਡ ਓਵਰ ਬ੍ਰਿਜ, ਰੋਡ ਅੰਡਰ ਬ੍ਰਿਜ, ਅਤੇ ਯੋਜਨਾ ਸੜਕਾਂ ‘ਤੇ ਵੱਡੇ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਵਿਭਾਗ ਨੇ ਅਗਲੇ ਵਿੱਤੀ ਸਾਲ 2025-26 ਵਿੱਚ 2056 ਕਿਲੋਮੀਟਰ ਯੋਜਨਾ ਸੜਕਾਂ ‘ਤੇ 1967 ਕਰੋੜ ਰੁਪਏ ਖਰਚਣ ਦਾ ਪ੍ਰਸਤਾਵ ਤਿਆਰ ਕੀਤਾ ਹੈ।

 ਰਾਜ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਵਿਭਾਗ ਦੇ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ 80 ਕਰੋੜ ਰੁਪਏ ਦੀ ਲਾਗਤ ਨਾਲ 400 ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਪੂਰਾ ਕੀਤਾ ਹੈ, ਜੋ ਹੁਣ ਕਾਰਜਸ਼ੀਲ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਟੈਂਡਰ ਮੰਗੇ ਜਾ ਰਹੇ ਹਨ।  ਇਸ ਤੋਂ ਇਲਾਵਾ, ਸਿਵਲ ਹਸਪਤਾਲਾਂ ਵਿੱਚ 370 ਕਰੋੜ ਰੁਪਏ ਦੀ ਲਾਗਤ ਨਾਲ 18 ਕ੍ਰਿਟੀਕਲ-ਕੇਅਰ ਬਲਾਕ ਅਤੇ 18 ਏਕੀਕ੍ਰਿਤ ਪਬਲਿਕ ਹੈਲਥ ਲੈਬਾਰਟਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

 ਵਿਦਿਅਕ ਢਾਂਚੇ ਦੀ ਮਜ਼ਬੂਤੀ ਨੂੰ ਲੋਕ ਨਿਰਮਾਣ ਵਿਭਾਗ ਦੀ ਪਹਿਲ ਦੱਸਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ 19 ‘ਸਕੂਲ ਆਫ਼ ਐਮਿਨੇਂਸ’ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 10 ਸਕੂਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸਕੂਲਾਂ ਲਈ ਕੰਮ ਜਾਰੀ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਉਦੇਸ਼ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਹੈ।

 ਲੋਕ ਨਿਰਮਾਣ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਦੀਆਂ ਸੜਕਾਂ ‘ਤੇ ਬਿਨਾਂ ਕਿਸੇ ਰੁਕਾਵਟ ਦੇ ਸਫ਼ਰ ਨੂੰ ਯਕੀਨੀ ਬਣਾਉਣ ਲਈ 18 ਟੋਲ ਪਲਾਜ਼ਿਆਂ ‘ਤੇ ਟੋਲ ਵਸੂਲੀ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਸਾਲ ਦੌਰਾਨ 225 ਕਰੋੜ ਰੁਪਏ ਦਾ ਲਾਭ ਹੋਇਆ ਹੈ।

 ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਆਉਂਦੇ ਸਾਲਾਂ ਵਿੱਚ ਵੀ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਲਈ ਵਿਭਾਗ ਦੇ ਯਤਨ ਜਾਰੀ ਰਹਿਣਗੇ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 2024 ਵਿੱਚ ਲੋਕ ਨਿਰਮਾਣ ਵਿਭਾਗ ਦੀਆਂ ਪ੍ਰਾਪਤੀਆਂ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਲਗਨ ਅਤੇ ਮਿਹਨਤ ਦਾ ਪ੍ਰਮਾਣ ਹਨ।  ਲੋਕ ਨਿਰਮਾਣ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਲੋਕ ਵਿਭਾਗ ਇੱਕ ਬਿਹਤਰ ਅਤੇ ਖੁਸ਼ਹਾਲ ਪੰਜਾਬ ਦੀ ਉਸਾਰੀ ਲਈ ਆਪਣੇ ਮਿਸ਼ਨ ਵਿੱਚ ਡਟਿਆ ਰਹੇਗਾ।

Leave a Reply

Your email address will not be published. Required fields are marked *