ਸਪੀਕਰ ਸ. ਸੰਧਵਾਂ ਵੱਲੋਂ ਪਿੰਡ ਡੱਗੋ ਰੋਮਾਣਾ ਵਿਖੇ ਕੀਤੀ ਗਈ ਲੋਕ ਮਿਲਣੀ

Faridkot Politics Punjab

ਫਰੀਦਕੋਟ 16 ਦਸੰਬਰ ()

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਲਿਆ ਅਹਿਦ ਕਿ ਸਰਕਾਰ ਪਿੰਡਾਂ ਵੱਲੋਂ ਚੱਲਗੀ, ਪੂਰਾ ਹੋ ਗਿਆ ਹੈ ਕਿਉਂਕਿ ਸਰਕਾਰ ਦੇ ਨੁਮਾਇੰਦੇ ਹੁਣ ਲੋਕਾਂ ਦੀਆਂ ਬਰੂਹਾਂ ਤੇ ਜਾ ਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਦੇ ਪਿੰਡ ਡੱਗੋ ਰੋਮਾਣਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੇ ਰੂਬਰੂ ਹੁੰਦਿਆਂ ਕੀਤਾ।

ਅੱਜ ਪਿੰਡ ਡੱਗੋ ਰੋਮਾਣਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਜਿੱਥੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਲੋਕਾਂ ਦੇ ਸਨਮੁੱਖ ਹੋਏ ਉੱਥੇ ਹੀ ਜਿਲ੍ਹਾ ਪ੍ਰਸ਼ਾਸ਼ਨ ਦੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਦੂਰ ਕਰਨ ਲਈ ਹਾਜ਼ਰ ਹੋਏ। ਇਸ ਮੌਕੇ ਸ. ਸੰਧਵਾਂ ਨੇ ਪਿੰਡ ਡੱਗੋ ਰੋਮਾਣਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਲੋਕਾਂ ਨੂੰ ਮੌਕੇ ਤੇ ਸਰਕਾਰ ਦੀਆਂ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਯੋਗ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਫਾਰਮ ਭਰੇ ਗਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹੀ ਆਪਣੇ ਹਲਕੇ ਦੇ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਬਦੋਲਤ ਹੀ ਉਹ ਅੱਜ ਇਸ ਮੁਕਾਮ ਤੇ ਪੁਹੰਚੇ ਹਨ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦੇਣਗੇ। ਉਨ੍ਹਾਂ ਹਾਜ਼ਰ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਕਿਸਾਨਾਂ ਨੂੰ ਕਣਕ ਝੋਨੇ ਦੇ ਬਦਲਵੇਂ ਚੱਕਰ ਵਿੱਚੋਂ ਨਿਕਲ ਕੇ ਸਬਜੀਆਂ , ਫਲਾਂ ਦੀ ਕਾਸ਼ਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਸਬਜੀਆਂ ,ਫਲਾਂ ਦੀ ਕਾਸ਼ਤ ਕਰਕੇ ਜਿੱਥੇ ਵਧੀਆ ਆਮਦਨ ਕਮਾ ਸਕਦੇ ਹਨ, ਉੱਥੇ ਹੀ ਆਪਣੇ ਹੱਥੀ ਬੀਜੀਆਂ ਸਬਜੀਆਂ ,ਫਲ ਖਾ ਕੇ ਉਹ ਆਪਣੀ ਸਿਹਤ ਵੀ ਵਧੀਆ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਕਿਸਾਨ ਸਬਜੀਆਂ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਫਰਵਰੀ ਮਹੀਨੇ ਵਿੱਚ ਬੀਜਾਂ ਦੀ ਕਿੱਟਾਂ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੀ ਉਪਲਬਧ ਕਰਵਾਈਆਂ ਜਾਣਗੀਆਂ।

ਇਸ ਮੌਕੇ ਉਨ੍ਹਾਂ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਨੂੰ 4 ਲੱਖ ਰੁਪਏ ਦਾ ਅਤੇ ਇੱਕ ਲੋੜਵੰਦ ਔਰਤ ਨੂੰ 50 ਹਜ਼ਾਰ ਰੁਪਏ ਦਾ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋ ਦਿੱਤੇ। ਇਸ ਮੌਕੇ ਬਾਗਬਾਨੀ ਵਿਭਾਗ ਵੱਲੋਂ ਵੀ ਹਾਜ਼ਰ ਕਿਸਾਨਾਂ ਨੂੰ ਫਲਾਂ ਤੇ ਸਬਜੀਆਂ ਦਾ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਚੇਅਰਮੈਨ ਇੰਪਰੂਵਮੈੱਟ ਟਰੱਸਟ ਸ. ਗੁਰਤੇਜ ਸਿੰਘ ਖੋਸਾ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਓੜਾ, ਸਰਪੰਚ ਸ. ਅਮਰੀਕ ਸਿੰਘ, ਅਮਨਦੀਪ ਸਿੰਘ ਬਾਬਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *