ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

Politics Punjab


ਚੰਡੀਗੜ੍ਹ, 14 ਦਸੰਬਰ:

ਅੱਜ ਪੰਜਾਬ ਲਈ ਬੇਹੱਦ ਮਾਣ ਵਾਲੀ ਘੜੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਈ.) ਐਸ.ਏ.ਐਸ. ਨਗਰ (ਮੋਹਾਲੀ) ਦੇ ਅੱਠ ਕੈਡਿਟ, ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ।

ਇਨ੍ਹਾਂ ‘ਚੋਂ ਛੇ ਅਫ਼ਸਰ, ਜਿਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਕ੍ਰਿਤਿਨ ਗੁਪਤਾ, ਅੰਮ੍ਰਿਤਸਰ ਤੋਂ ਭਰਤ ਸ਼ਰਮਾ ਤੇ ਸਾਹਿਲਦੀਪ ਸਿੰਘ, ਪਟਿਆਲਾ ਤੋਂ ਸਾਹਿਲਪ੍ਰੀਤ ਸਿੰਘ ਸੰਧੂ, ਕਪੂਰਥਲਾ ਤੋਂ ਸ਼ਿਵ ਕੁਮਾਰ ਅਤੇ ਬਠਿੰਡਾ ਤੋਂ ਉੱਤਮ ਮਲਿਕ ਸ਼ਾਮਲ ਹਨ, ਨੂੰ ਭਾਰਤੀ ਸੈਨਾ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਦੇ 155- ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫ਼ੌਜ ‘ਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ। ਪਰੇਡ ਦਾ ਨਿਰੀਖਣ ਨੇਪਾਲੀ ਸੈਨਾ ਮੁਖੀ ਜਨਰਲ ਅਸ਼ੋਕਰਾਜ ਸਿਗਡੇਲ ਨੇ ਕੀਤਾ।

ਇਹ ਕੈਡਿਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 8ਵੇਂ ਕੋਰਸ ਦੇ ਹਨ। ਇਹ ਨੌਜਵਾਨ ਅਫ਼ਸਰ ਜਲਦ ਹੀ ਆਪਣੀ ਯੂਨਿਟ ਵਿਚ ਸ਼ਾਮਲ ਹੋ ਕੇ ਭਾਰਤੀ ਫੌਜ ਵਿਚ ਸੇਵਾ ਨਿਭਾਉਣਗੇ।

ਇਸ ਤੋਂ ਇਲਾਵਾ, ਇੰਸਟੀਚਿਊਟ ਦੇ ਦੋ ਹੋਰ ਕੈਡਿਟ, ਸੰਗਰੂਰ ਜ਼ਿਲ੍ਹੇ ਦੇ ਗੁਰਸ਼ੇਰ ਸਿੰਘ ਚੀਮਾ ਅਤੇ ਕਪੂਰਥਲਾ ਤੋਂ ਪ੍ਰਥਮ ਪਰਮਾਰ ਨੂੰ ਏਅਰ ਫੋਰਸ ਅਕੈਡਮੀ (ਏ.ਐੱਫ.ਏ.) ਡੁੰਡੀਗਲ ਦੀ 214ਵੀਂ ਕੰਬਾਈਂਡ ਪਾਸਿੰਗ ਆਊਟ ਪਰੇਡ ਵਿੱਚ ਭਾਰਤੀ ਹਵਾਈ ਸੈਨਾ ‘ਚ ਫਲਾਇੰਗ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ (ਪੀ.ਵੀ.ਐਸ.ਐਮ., ਏ.ਵੀ.ਐਸ.ਐਮ.) ਨੇ ਪਰੇਡ ਦਾ ਨਿਰੀਖਣ ਕੀਤਾ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਭਰਤੀ ਹੋਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਦਿਆਂ ਪੰਜਾਬ ਦਾ ਮਾਣ ਵਧਾਉਣ ਦੀ ਅਪੀਲ ਕੀਤੀ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਵੀ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੂਰੇ ਸਮਰਪਣ ਅਤੇ ਤਨਦੇਹੀ ਨਾਲ ਰੱਖਿਆ ਸੇਵਾਵਾਂ ਦੇ ਆਦਰਸ਼ਾਂ ‘ਤੇ ਚੱਲਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਇਨ੍ਹਾਂ ਅੱਠ ਨੌਜਵਾਨਾਂ ਦੀ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਦੇ ਨਾਲ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 168 ਕੈਡਿਟ, ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਏ ਹਨ।