ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਹੋ ਰਹੀ ਵਰਦਾਨ ਸਿੱਧ – ਐਸ.ਡੀ.ਐਮ. ਦਮਨਦੀਪ ਕੌਰ

Politics Punjab S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਦਸੰਬਰ, 2024:

ਜ਼ਿਲ੍ਹੇ ’ਚ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜਿੰਦਗੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਲਈ ਵੀ ਸਫ਼ਲਤਾਪੂਰਵਕ ਪ੍ਰੇਰ ਰਹੀ ਹੈ, ਜਿਸ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ। ਐਸ.ਡੀ.ਐਮ. ਮੋਹਾਲੀ, ਦਮਨਦੀਪ ਕੌਰ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਲਗਦੀਆਂ ਯੋਗਾ ਕਲਾਸਾਂ ਨੇ ਆਮ ਲੋਕਾਂ ਦੀ ਜਿੰਦਗੀ ਵਿੱਚ ਭਾਰੀ ਬਦਲਾਅ ਲਿਆਂਦਾ ਹੈ। ਇੰਨ੍ਹਾਂ ਯੋਗ ਕਲਾਸਾਂ ਵਿੱਚ ਯੋਗ ਅਭਿਆਸ ਰਾਹੀਂ ਲੋਕ ਆਪਣੀ ਨਰੋਈ ਸਿਹਤ ਪ੍ਰਤੀ ਜਾਗਰੂਕ ਹੋਏ ਹਨ ਅਤੇ ਲੋਕ ਨੇ ਯੋਗ ਸਾਧਨਾ ਨੁੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ।
    ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਕੌਸ਼ਲ ਵੱਲੋਂ ਮੋਹਾਲੀ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਪਹਿਲੀ ਕਲਾਸ ਪੰਜਾਬ ਜੱਜਿਜ਼ ਅਤੇ ਆਫਿਸਰ ਇੰਨਕਲੇਵ, ਸੈਕਟਰ 77 ਮੋਹਾਲੀ ਵਿਖੇ ਸਵੇਰੇ 6.10 ਤੋਂ 7.10 ਵਜੇ ਤੱਕ, ਦੂਜੀ ਕਲਾਸ ਸਵੇਰੇ 7.25 ਤੋਂ 8.25 ਤੱਕ ਵੇਵ ਗਾਰਡਨ ਸੈਕਟਰ 85 ਮੋਹਾਲੀ ਵਿਖੇ, ਤੀਜੀ ਕਲਾਸ ਵੇਵ ਅਸਟੇਟ ਵੇਵ ਗਾਰਡਨ ਸੈਕਟਰ 85 ਵਿੱਚ ਸਵੇਰੇ 8.30 ਵਜੇ ਤੋਂ 9.30 ਤੱਕ, ਚੌਥੀ ਕਲਾਸ ਹੀਰੋ ਹੋਮਜ਼  ਸੈਕਟਰ 88 ਮੋਹਾਲੀ ਵਿਖੇ ਸਵੇਰੇ 11.00 ਵਜੇ ਤੋਂ 12.00 ਤੱਕ, ਪੰਜਵੀਂ ਕਲਾਸ ਰਿਸ਼ੀ ਅਪਾਰਟਮੈਂਟ ਸੈਕਟਰ 70 ਮੋਹਾਲੀ ਵਿੱਚ 3.25 ਵਜੇ ਤੋਂ 4.25 ਤੱਕ ਅਤੇ ਆਖਰੀ ਛੇਵੀ ਕਲਾਸ ਫੇਜ਼ 11 ਪਾਰਕ ਨੰ.11  ਮੋਹਾਲੀ ਵਿਖੇ ਸ਼ਾਮ 4.45 ਤੋਂ 5.45 ਵਜੇ ਤੱਕ ਲਗਾਈ ਜਾਂਦੀ ਹੈ।
     ਟ੍ਰੇਨਰ ਕੌਸ਼ਲ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਵਿਖੇ ਰੋਜ਼ਾਨਾ ਲੱਗਣ ਵਾਲੀਆਂ ਵੱਖ-ਵੱਖ 6 ਕਲਾਸਾਂ ਦਾ ਸਮਾਂ ਇੱਕ ਘੰਟੇ ਦਾ ਹੁੰਦਾ ਹੈ। ਇੰਨ੍ਹਾਂ ਯੋਗਾ ਕਲਾਸਾਂ ਰਾਹੀਂ ਲੋਕਾਂ ਨੂੰ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਯੋਗ ਆਸਨਾਂ ਨਾਲ ਰਾਹਤ ਮਿਲੀ ਹੈ।
   ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚ ਰੋਜ਼ਾਨਾ ਆਉਂਦੇ ਵੱਖ-ਵੱਖ ਭਾਗੀਦਾਰਾਂ ਦਾ ਕਹਿਣਾ ਹੈ ਕਿ ਯੋਗਾ ਰਾਹੀਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰਾਹਤ ਮਿਲੀ ਹੈ। ਜਿਵੇਂ ਕਿ ਯੋਗਾ ਕਲਾਸਾਂ ਦੇ ਕੁਝ ਭਾਗੀਦਾਰ ਮਨਜੀਤ ਕੌਰ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਬਹੁਤ ਨਿਜਾਤ ਮਿਲੀ ਹੈ। ਉਹਨਾਂ ਦੀ ਪਿਛਲੇ 8 ਸਾਲਾਂ ਤੋਂ ਦਵਾਈ ਚੱਲ ਰਹੀ ਸੀ ਪਰ ਯੋਗਾ ਕਰਨ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਇਆ ਹੈ। ਇਸੇ ਤਰ੍ਹਾਂ ਯੋਗਾ ਕਲਾਸਾਂ ਦੇ ਕੁਝ ਹੋਰ ਭਾਗੀਦਾਰ ਜਿਵੇਂ ਕਿ ਰੁਬੀਨਾ, ਪ੍ਰੇਮ ਰਾਘਵ, ਮਮਤਾ ਅਤੇ ਊਸ਼ਾ, ਇਨ੍ਹਾਂ ਸਾਰਿਆਂ ਵੱਲੋਂ ਸਰਵਾਇਕਲ, ਗੋਡਿਆਂ ਦੇ ਦਰਦ, ਸਾਹ ਦੀ ਬਿਮਾਰੀ ਆਦਿ ਬਿਮਾਰੀਆਂ ਤੋਂ ਰਾਹਤ ਪਾਈ ਹੈ।  ਇੱਕ ਭਾਗੀਦਾਰ ਮਨਪ੍ਰੀਤ ਕੌਰ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੀ ਯੋਗਸ਼ਾਲਾ ਸੂਰੂ ਕਰਨਾ, ਉਨ੍ਹਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਯੋਗ ਸਾਧਨਾ ਰਾਹੀਂ ਉਨ੍ਹਾਂ ਨੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਦੇ ਨਾਲ-ਨਾਲ ਆਪਣਾ ਭਾਰ ਵੀ ਘਟਾਇਆ ਹੈ।
     ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਕਲਾਸ ਲਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ, ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Leave a Reply

Your email address will not be published. Required fields are marked *