ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਸਿਹਤ ਸੁਸਾਇਟੀ ਦੇ ਕੰਮਾਂ ਦੀ ਸਮੀਖਿਆ

Faridkot Politics Punjab

ਫਰੀਦਕੋਟ, 25 ਨਵੰਬਰ (            ) ਜਿਲ੍ਹਾ ਸਿਹਤ ਸੁਸਾਇਟੀ ਫਰੀਦਕੋਟ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਸਮੂਹ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਆਈਐਮਏ ਦੇ ਨੁਮਾਇੰਦੇ ਹਾਜਰ ਸਨ। ਮੀਟਿੰਗ ਦੌਰਾਨ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਰੀਵਿਊ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਵੱਲੋਂ ਪ੍ਰੋਗਰਾਮਾਂ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਵਿੱਚ ਟੀਕਾਕਰਨ, ਜੱਚਾ ਬੱਚਾ ਸਿਹਤ ਸੇਵਾਵਾਂ, ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ, ਐਚ.ਆਈ.ਵੀ., ਕੁਸ਼ਟ ਰੋਗ, ਯੂ.ਡੀ.ਆਈ.ਡੀ., ਸਕੂਲ ਹੈਲਥ ਪ੍ਰੋਗਰਾਮ, ਮੋਬਾਇਲ ਮੈਡੀਕਲ ਯੂਨਿਟ, ਮੁਫਤ ਐਂਬੂਲੈਂਸ 108, ਬਲਾਈਂਡਨੈੱਸ ਕੰਟਰੋਲ ਪ੍ਰੋਗਰਾਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਪੀ.ਸੀ.ਐਂਡ ਪੀ.ਐਨ.ਡੀ.ਟੀ. ਐਕਟ, ਆਈ.ਡੀ.ਐਸ.ਪੀ., ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਯੂਸ਼ਮਨ ਭਵ ਮੁਹਿੰਮ ਤਹਿਤ ਜਿਲ੍ਹੇ ਭਰ ਵਿੱਚ ਯੋਗ ਲਾਭਪਾਤਰੀਆਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ।

 ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਦੀ 100 ਪ੍ਰਤੀਸ਼ਤ ਪ੍ਰਾਪਤੀ ਯਕੀਨੀ ਬਣਾਈ ਜਾਵੇ ਅਤੇ ਸਮੂਹ ਪ੍ਰੋਗਰਾਮ ਅਫਸਰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਨਾ ਯਕੀਨੀ ਬਨਾਉਣ ਤਾਂ ਜੋ ਲੋਕ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਲਾਭ ਲੈ ਸਕਣ। ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਫਾਸਟ ਫੂਡ ਆਈਟਮਾਂ ਨਾ ਖਾਣ ਅਤੇ ਈਟ ਰਾਈਟ-ਈਟ ਹੈਲਥੀ ਸਬੰਧੀ ਪੌਸ਼ਟੀਕ ਖੁਰਾਕ ਖਾਣ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਨੌਵੀਂ ਜ਼ਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਦੇ ਹੀਮਗਲੋਬਿਨ ਪੱਧਰ ਦੀ ਜਾਂਚ ਕਰਵਾਈ ਜਾਵੇ ਅਤੇ ਸਾਲ ਵਿੱਚ ਇੱਕ ਵਾਰ ਬੱਚਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਵੇ।

ਇਸ ਮੌਕੇ ਉਨ੍ਹਾਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਹਰ ਹਫਤੇ ਆਇਰਨ ਦੀਆਂ ਗੋਲੀਆਂ ਨੋਡਲ ਅਫਸਰ ਦੀ ਨਿਗਰਾਨੀ ਹੇਠ ਦੇਣੀਆਂ ਯਕੀਨੀ ਬਣਾਈਆਂ ਜਾਣ ਅਤੇ ਇਸ ਤੋਂ ਇਲਾਵਾ ਮਿਤੀ 28 ਨਵੰਬਰ ਨੂੰ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਡੀਵਰਮਿੰਗ ਦਿਵਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਸਬੰਧੀ ਗੋਲੀਆਂ ਜਰੂਰ ਖਵਾਈਆਂ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਜਿਲ੍ਹੇ ਭਰ ਵਿੱਚ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿੱਕਰੀ ਨਹੀਂ ਹੋਣੀ ਚਾਹੀਦੀ। 

Leave a Reply

Your email address will not be published. Required fields are marked *