ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਅਪਗ੍ਰੇਡ ਕੀਤੇ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਦਾ ਉਦਘਾਟਨ ਕੀਤਾ

Politics Punjab S.A.S Nagar

ਐਸ.ਏ.ਐਸ.ਨਗਰ, 25 ਨਵੰਬਰ, 2024:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਮੋਹਾਲੀ ਵਿਖੇ ਅਪਗ੍ਰੇਡ ਕੀਤੇ “ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ” ਦਾ ਉਦਘਾਟਨ ਕਰਨ ਦੇ ਨਾਲ-ਨਾਲ ਦੋ “ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਵੈਨਾਂ” ਦੀ ਸ਼ੁਰੂਆਤ ਕੀਤੀ।  
          ਇਸ ਮੌਕੇ ਮੈਡੀਕਲ ਕਾਲਜ ਮੋਹਾਲੀ। ਪੰਜਾਬ ਰਾਜ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਸਟਾਫ਼ ਅਤੇ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵੱਲੋਂ ਸਵੈ-ਇੱਛਤ ਖ਼ੂਨਦਾਨੀਆਂ ਵਿੱਚ ਤੀਜਾ ਰਾਸ਼ਟਰੀ ਰੈਂਕ ਹਾਸਲ ਕਰਨ ਦੀ ਪ੍ਰਾਪਤੀ ਨੇ ਸੂਬੇ ਦਾ ਮਨੋਬਲ ਉੱਚਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਖੂਨਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਇਸ ਨੂੰ ਸੁਰੱਖਿਅਤ ਢੰਗ ਨਾਲ ਅਤੇ ਸਾਵਧਾਨੀ ਨਾਲ ਵਰਤਣ ਲਈ ਢੁਕਵੇਂ ਪ੍ਰਬੰਧਾਂ ਨੂੰ ਰਾਜ ਵੱਲੋਂ ਹੋਰ ਬਿਹਤਰ ਢੰਗ ਨਾਲ ਕੀਤਾ ਜਾਵੇਗਾ।
          ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਾਜ ਵਿੱਚ ਸਰਕਾਰੀ ਖੇਤਰ ਵਿੱਚ 26 ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਹਨ ਅਤੇ ਇਹ 27ਵਾਂ ਅਜਿਹਾ ਯੂਨਿਟ ਹੈ ਜੋ ਸਿਵਲ ਹਸਪਤਾਲ ਮੁਹਾਲੀ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਹ ਅਪਗ੍ਰੇਡ ਯੂਨਿਟ ਪੈਕਡ ਲਾਲ ਸੈੱਲ, ਫ੍ਰੈਸ਼ ਫ੍ਰੋਜ਼ਨ ਪਲਾਜ਼ਮਾ, ਪਲੇਟਲੈਟਸ, ਪਲੇਟਲੇਟ ਕੰਨਸੈਂਟਰੇਟ, ਕ੍ਰਾਇਓਪ੍ਰੀਸਿਪੀਟੇਟ ਅਤੇ ਪਲੇਟਲੇਟ ਰਿਚ ਪਲਾਜ਼ਮਾ ਉਪਲਬਧ ਕਰਵਾਏਗੀ ਜੋ ਇਸ ਯੂਨਿਟ ਦੁਆਰਾ ਇੱਕੋ ਵਿਅਕਤੀ ਦੇ ਖੂਨ ਤੋਂ ਵੱਖ ਕੀਤੇ ਜਾਣਗੇ। ਪਹਿਲਾਂ ਇੱਥੇ ਖੂਨ ਕੰਪੋਨੈਂਟ ਸੇਪਰੇਸ਼ਨ ਦੀ ਸਹੂਲਤ ਨਹੀਂ ਸੀ।
          ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੰਡੀਅਨ ਰੈੱਡ ਕਰਾਸ ਲੁਧਿਆਣਾ, ਰਾਜਪੁਰਾ, ਮਲੇਰਕੋਟਲਾ, ਕੋਟਕਪੂਰਾ, ਬਟਾਲਾ, ਫਾਜ਼ਿਲਕਾ, ਖੰਨਾ ਅਤੇ ਆਨੰਦਪੁਰ ਸਾਹਿਬ ਸਮੇਤ ਅੱਠ ਹੋਰ ਬਲੱਡ ਸੈਂਟਰਾਂ ਨੂੰ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟਾਂ ਵਿੱਚ ਅਪਗ੍ਰੇਡ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਕੱਲੇ ਖੂਨ ਦੀ ਉਪਲਬਧਤਾ ਲਈ ਸੁਨਾਮ, ਡੇਰਾਬੱਸੀ, ਐਸ.ਬੀ.ਐਸ.ਨਗਰ ਅਤੇ ਸਮਾਣਾ ਵਿਖੇ ਚਾਰ ਨਵੇਂ ਖੂਨ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ।
          ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਬਲੱਡ ਸੈਂਟਰਾਂ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਖੂਨ ਅਤੇ ਖੂਨ ਦੇ ਕੰਪੋਨੈਂਟਸ ਦੀ ਸਹੂਲਤ ਮੁਫਤ ਉਪਲਬਧ ਹੈ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਲੋੜ ਪੈਣ ‘ਤੇ ਇਹ ਸੇਵਾਵਾਂ ਥੋੜ੍ਹੀ ਕੀਮਤ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
          ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ 182 ਲਾਇਸੰਸਸ਼ੁਦਾ ਖੂਨ ਇਕੱਤਰ ਕੇਂਦਰ ਹਨ, ਜਿਨ੍ਹਾਂ ਵਿੱਚੋਂ 49 ਸਰਕਾਰੀ ਸਿਹਤ ਸਹੂਲਤਾਂ ਦੁਆਰਾ, 7 ਮਿਲਟਰੀ ਦੁਆਰਾ ਅਤੇ 126 ਨਿੱਜੀ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ।
          ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ਖੂਨ ਇਕੱਤਰ ਕਰਨ ਅਤੇ ਢੋਆ ਢੁਆਈ ਵੈਨ ਖ਼ੂਨ ਦਾਨ ਲਈ ਦੋ ਸੋਫਾ (ਚੇਅਰਜ਼) ਸਮੇਤ 100 ਯੂਨਿਟ ਸਟੋਰ ਕਰਨ ਦੀ ਸਮਰੱਥਾ ਨਾਲ, ਬਾਹਰੀ ਕੈਂਪਾਂ ਲਈ ਲਾਹੇਵੰਦ ਹੋਵੇਗੀ।
          ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਬਲੱਡ ਸੈਂਟਰਾਂ ਨੇ ਸਾਲ 2023-24 ਦੌਰਾਨ ਰਾਜ ਭਰ ਵਿੱਚ ਇਕੱਠੇ ਕੀਤੇ ਕੁੱਲ ਖੂਨ ਦੇ ਮੁਕਾਬਲੇ 1,83,600 ਯੂਨਿਟ ਖੂਨ ਦਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਸਰਕਾਰੀ ਸੰਸਥਾਵਾਂ ਵਿੱਚ ਖੂਨਦਾਨੀਆਂ ਵੱਲੋਂ ਸਵੈ-ਇੱਛਾ ਨਾਲ 1,82,211 ਯੂਨਿਟ ਖੂਨ ਦਾਨ ਕੀਤਾ ਗਿਆ ਜੋ ਕਿ ਖ਼ੂਨ ਦਾਨ ਦਾ 99 ਫੀਸਦੀ ਬਣਦਾ ਹੈ। ਰਾਜ ਵੱਲੋਂ ਕੁੱਲ 2062 ਖੂਨਦਾਨ ਕੈਂਪ ਲਗਾਏ ਗਏ ਜੋ ਕਿ ਮਾਨਵਤਾ ਦੀ ਸੇਵਾ ਵਿੱਚ ਇੱਕ ਵੱਡੀ ਪ੍ਰਾਪਤੀ ਹੈ।
          ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਮ ਡੀ ਵਰਿੰਦਰ ਕੁਮਾਰ ਸ਼ਰਮਾ, ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ, ਸੰਯੁਕਤ ਡਾਇਰੈਕਟਰ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਪੰਜਾਬ ਡਾ. ਸੁਨੀਤਾ ਦੇਵੀ, ਡਾ. ਰੇਨੂ ਸਿੰਘ ਸਿਵਲ ਸਰਜਨ ਅਤੇ ਐਸ.ਐਮ.ਓ ਡਾ. ਐਚ.ਐਸ.ਚੀਮਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *