ਕਿਸਾਨ ਦਿਨ ਸਮੇਂ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਨੂੰ ਤਰਜੀਹ ਦੇਣ—ਮੁੱਖ ਖੇਤੀਬਾੜੀ ਅਫ਼ਸਰ

Mansa Politics Punjab

ਮਾਨਸਾ, 25 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀਆਂ ਹਦਾਇਤਾਂ ’ਤੇ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਜ਼ਿਲ੍ਹੇ ਅੰਦਰ ਕਣਕ ਦੀ ਫਸਲ ਵਿੱਚ ਤਣ੍ਹੇ ਦੀ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਦੌਰੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਵੱਲੋਂ ਪਿੰਡ ਭੈਣੀ ਬਾਘਾ ਵਿਖੇ ਕਿਸਾਨ ਸ੍ਰੀ ਜਗਰਾਜ ਸਿੰਘ ਉਰਫ ਕੁੱਕੂ ਸਿੰਘ ਪੁੱਤਰ ਸ੍ਰੀ ਮੁਖਤਿਆਰ ਸਿੰਘ ਦੇ ਖੇਤ ਦਾ ਮੁੜ ਤੋਂ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਕਿਸਾਨ ਦੇ ਖੇਤ ਵਿੱਚ ਕੁਝ ਦਿਨ ਪਹਿਲਾਂ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਸੀ, ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਹਾਜ਼ਰੀ ਵਿੱਚ ਕਣਕ ਦੀ ਫਸਲ ਨੂੰ ਪਾਣੀ ਲਗਵਾਇਆ ਗਿਆ ਅਤੇ ਦੇਖ-ਰੇਖ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸ਼ਿਫਾਰਿਸ਼ ਕੀੜੇਮਾਰ ਦਵਾਈਆਂ ਦੀ ਸਪਰੇਅ ਕਰਵਾਈ ਗਏ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ ਹੈ ਅਤੇ ਫੁਟਾਰਾ ਦੁਬਾਰਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਪਿਛਲੇ ਦਿਨਾਂ ਵਿੱਚ ਦਿਨ ਸਮੇਂ ਪਾਣੀ ਲਗਾਉਣ ਦੀ ਸਲਾਹ ਦਿੱਤੀ ਗਈ ਸੀ ਕਿ ਕਿਸਾਨ ਦਿਨ ਸਮੇਂ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਨੂੰ ਤਰਜੀਹ ਦੇਣ, ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਇਸ ਸਬੰਧੀ ਬਿਜਲੀ ਵਿਭਾਗ ਨਾਲ ਤਾਲਮੇਲ ਕਰਕੇ ਬਿਜਲੀ ਦੀ ਦਿਨ ਸਮੇਂ ਸਪਲਾਈ ਦਿੱਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਪਾਣੀ ਲਗਾਉਣ ਸਮੇਂ ਕੋਈ ਦਿੱਕਤ ਨਾ ਆਵੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਭੈਣੀ ਬਾਘਾ ਦੇ ਕਿਸਾਨ ਸ੍ਰੀ ਜਸਪ੍ਰੀਤ ਸਿੰਘ ਪੁੱਤਰ ਧੰਨਾ ਸਿੰਘ ਦੇ ਖੇਤ ਦਾ ਮੌਕਾ ਵੇਖਿਆ ਗਿਆ। ਇਸ ਕਿਸਾਨ ਨੇ ਸਮਾਰਟ ਸੀਡਰ ਦੁਆਰਾ ਆਪਣੇ 4 ਏਕੜ ਰਕਬੇ ਵਿੱਚ ਕਣਕ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਅਤੇ ਇਸ ਖੇਤ ਵਿੱਚ ਕਣਕ ਦੇ ਤਣ੍ਹੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ।
ਮੁੱਖ ਖੇਤੀਬਾੜੀ ਅਫਸਰ ਮਾਨਸਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ ਅਤੇ ਜਿੱਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਵੇ ਤਾਂ ਹਮਲੇ ਵਾਲੇ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਟਨਾਸ਼ਕ 7 ਕਿਲੋ ਮੋਰਟੈਲ/ ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ.ਸੀ. (ਕਲੋਰਪਾਈਰੀਫਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਵੋ।  ਇਸ ਦੇ ਬਦਲ ਵਿੱਚ 50 ਮਿਲੀਲਿਟਰ ਪ੍ਰਤੀ ਏਕੜ ਕੋਰਾਜਨ 18.5 ਐਸੀ ਸੀ (ਕਲੋਰਐਂਟਰਾਨਿਲੀਪਰੋਲ) ਨੂੰ 80—100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ।
ਜ਼ਿਲ੍ਹਾ ਸਿਖਲਾਈ ਅਫ਼ਸਰ ਮਾਨਸਾ ਡਾ. ਹਰਬੰਸ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਖੇਤਾਂ ਦਾ ਰੋਜਾਨਾ ਨਿਰੀਖਣ ਕੀਤਾ ਜਾਵੇ ਅਤੇ ਹਮਲੇ ਹੋਣ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਇਸ ਮੌਕੇ ਮਿਸ: ਜ਼ਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਬਖਸ ਸਿੰਘ, ਖੇਤੀਬਾੜੀ ਉਪ ਨਿਰੀਖਕ, ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਪਿੰਡ ਦੇ ਮੋਹਤਬਰ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *