ਅਗੇਤੀ ਕਣਕ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ : ਡਾ.ਅਮਰੀਕ ਸਿੰਘ 

Faridkot Politics Punjab

ਫਰੀਦਕੋਟ: 23 ਨਵੰਬਰ 2024 ( ) ਮੌਸਮੀ ਤਬਦੀਲੀਆਂ ਦੇ ਚਲਦਿਆਂ  ਸੈਨਿਕ ਸੁੰਡੀ ਨਾਮਕ ਕੀੜੇ ਨੇ ਜ਼ਿਲਾ ਫਰੀਦਕੋਟ ਦੇ ਪਿੰਡ ਦਲ ਸਿੰਘ ਵਾਲਾ ਵਿੱਚ ਹੈਪੀ ਸੀਡਰ ਅਤੇ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦੀ ਫ਼ਸਲ ਉੱਪਰ ਕੀਤੇ ਹਮਲੇ ਸੰਬੰਧੀ ਵਿਚਾਰ ਚਰਚਾ ਕਰਨ ਲਈ ਐੱਸ ਡੀ ਐਮ ਜੈਤੋ ਸ੍ਰੀ ਸੂਰਜ ਪ੍ਰਕਾਸ਼ ਦੀ ਪਹਿਲ ਕਦਮੀ ਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਾ. ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।           

    ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ  ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਜਾਂ ਖੇਤਾਂ ਤੋਂ ਬਾਹਰ ਸੰਭਾਲ ਕੇ ਜ਼ੀਰੋ ਟਿੱਲ ਡਰਿੱਲ,ਹੈਪੀ ਸੀਡਰ,ਸੁਪਰ ਸੀਡਰ,ਸਮਾਰਟ ਸੀਡਰ ਨਾਲ ਕੀਤੀ ਜਾ ਰਹੀ ਹੈ ,ਜੋਂ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਕੁਝ ਘੱਟ ਮਹੱਤਪੂਰਨ ਕੀੜੇ ਮੁੱਖ ਕੀੜੇ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ  ਖਾਸ ਕਰਕੇ ਹੈਪੀ ਸੀਡਰ ਜਾਂ ਮਲਚਿੰਗ ਤਕਨੀਕ ਨਾਲ ਬਿਜਾਈ ਕੀਤੀ ਫ਼ਸਲ ਦਾ ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਆਉਣ ਦੇ ਨਾਲ ਕੁਝ ਕੀੜੇ ਵੀ ਫ਼ਸਲਾਂ ਵਿਚ ਆ ਜਾਂਦੇ ਹਨ ਜਿਨ੍ਹਾਂ ਵਿਚ ਕਣਕ ਦੀ ਫ਼ਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਅਜਿਹੇ ਕੀਟ ਹਨ ਜੋਂ ਦੀ ਕਣਕ ਦੀ ਫ਼ਸਲ ਦਾ ਬਿਜਾਈ ਤੋਂ 20-30 ਦਿਨਾਂ ਬਾਅਦ ਨੁਕਸਾਨ ਕਰਦੇ ਹਨ। ਉਨਾਂ ਦੱਸਿਆ ਕਿ ਸੈਨਿਕ ਸੁੰਡੀ ਕਣਕ ਦੀ ਫ਼ਸਲ ਦਾ ਮੁੱਖ ਕੀੜਾ ਤਾਂ ਨਹੀਂ ਪਰ ਜੇਕਰ ਇਸ ਦਾ ਖਿਆਲ ਨਾਂ ਰੱਖਿਆ ਜਾਵੇ ਤਾਂ ਇਹ ਪ੍ਰਭਾਵਤ ਫ਼ਸਲ ਖਾਸ ਕਰਕੇ ਹੈਪੀ ਸੀਡਰ ਜਾਂ ਮਲਚਿੰਗ ਤਕਨੀਕ ਨਾਲ ਬਿਜਾਈ ਕੀਤੀ ਫ਼ਸਲ ਦਾ ਪੱਤਿਆਂ ਨੁੰ ਖਾ ਕੇ ਬਹੁਤ ਨੁਕਸਾਨ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੀੜਾ ਬਹੁਤ ਤੇਜੀ ਨਾਲ ਫੈਲਦਾ ਹੈ,ਜਿਸ ਕਾਰਨ ਇਸ ਕੀੜੇ ਦੀ ਰੋਕਥਾਮ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ।  ਉਨ੍ਹਾਂ ਦੱਸਿਆ ਕਿ ਸੈਨਿਕ ਸੁੰਡੀ ਦਾ ਰੰਗ ਹਲਕਾ ਸਲੇਟੀ ਭੂਰਾ ਹੁੰਦਾ ਹੈ ਜੋਂ ਸੂਰਜ ਡੁੱਬਣ ਤੋਂ ਬਾਅਦ ਫ਼ਸਲ ਦੇ ਪੱਤਿਆਂ ਨੂੰ ਖਾ ਕੇ ਨੁਕਸਾਨ ਕਰਦਾ ਹੈ ਅਤੇ ਦਿਨ ਸਮੇਂ ਖੇਤ ਵਿਚ ਪਈ ਪਰਾਲੀ ਜਾਂ ਮਿੱਟੀ ਦੀਆਂ ਢੀਮਾਂ ਦੇ ਹੇਠਾਂ ਛਿਪ ਕੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ  ਸੂਰਜ ਡੁੱਬਣ ਤੋਂ ਬਾਅਦ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਕਣਕ ਦੀ ਫਸਲ ਉੱਪਰ ਦਿਖਾਈ ਦੇਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 40 ਮਿਲੀ ਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 400 ਮਿਲੀ ਲਿਟਰ ਕੁਇਨਲਫਾਸ 25 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿਚ ਘੋਲ ਕੇ ਗੋਲ ਨੋਜ਼ਲ ਨਾਲ ਸੂਰਜ ਡੁੱਬਣ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਜਾਂ 7 ਕਿਲੋ ਫਿਪਰੋਨੀਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਮਿਲਾ ਕੇ ਛਟਾ ਦੇਣ ਉਪਰੰਤ ਪਾਣੀ ਲਗਾ ਦੇਣਾ ਚਾਹੀਦਾ। ਉਨਾਂ ਕਿਹਾ ਕਿ ਪਾਣੀ ਲਗਾਉਣ ਨਾਲ ਕਣਕ ਦੀ ਫ਼ਸਲ ਫੁਟਾਰਾ ਦੁਬਾਰਾ ਹੋ ਜਾਂਦਾ ਹੈ  ਇਸ ਲਈ ਘਬਰਾਉਣ ਦੀ ਨਹੀਂ ਸਮੇਂ ਸਿਰ ਢੁਕਵਾਂ ਇਲਾਜ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਤਕਨੀਕਾਂ ਅਪਣਾ ਕੇ ਆਰਮੀ ਵਰਮ ( ਫੌਜੀ ਕੀੜਾ) ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।ਕਿਸਾਨ ਆਗੂ ਸ਼ਿੰਦਾ ਸਿੰਘ ਅਤੇ ਭਿੰਡਰ ਨੇ ਅਜੋਕੇ ਸਮੇਂ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਸੁੰਡੀ ਨਾਲ ਪ੍ਰਭਾਵਤ  ਫ਼ਸਲ ਨੂੰ ਬਚਾਉਣ ਲਈ  ਲੋੜੀਂਦੀਆਂ ਕੀਟ ਨਾਸ਼ਕ ਮੁਹਈਆ ਕਰਵਾਈਆਂ ਜਾਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿਚ ਜਾਗਰੂਕ ਕੈਂਪ ਲਗਾਏ ਜਾਣ। ਉਨਾਂ ਇਹ ਵੀ ਮੰਗ ਕੀਤੀ ਕਣਕ ਦੀ ਰਹਿੰਦੀ ਬਿਜਾਈ ਲਈ ਲੋੜੀਂਦੀ ਡੀ ਏ ਪੀ ਖਾਦ ਮੁਹਈਆ ਕਰਵਾਈ ਜਾਵੇ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਮ ਸਮੇਂ ਆਪਣੀ ਕਣਕ ਦੀ ਫ਼ਸਲ ਦਾ ਨਿਰੀਖਣ ਜ਼ਰੁਰ ਕਰਨ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਧਿਆਨ ਵਿੱਚ ਲਿਆਉਣ ਤਾਂ ਜੋਂ ਸਮੇਂ ਸਿਰ ਇਲਾਜ ਕਰਕੇ ਫ਼ਸਲ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਹਰਪਾਲ ਸਿੰਘ ਤਹਿਸੀਲਦਾਰ ਜੈਤੋ, ਡਾਕਟਰ ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ਼ਿੰਦਾ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਕਿਸਾਨ ਅੱਗ ਭਿੰਡਰ ਬੀ ਕੇ ਯੂ ਏਕਤਾ ਸਿੱਧੂਪੁਰ  ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। 

Leave a Reply

Your email address will not be published. Required fields are marked *