ਲਾਇਬ੍ਰੇਰੀਆਂ ਮਨੁੱਖੀ ਜੀਵਨ ਲਈ ਗਿਆਨ ਦਾ ਵਿਸ਼ਾਲ ਭੰਡਾਰ ਹੁੰਦੀਆਂ ਹਨ-ਵਿਧਾਇਕ ਡਾ. ਵਿਜੈ ਸਿੰਗਲਾ

Politics Punjab

ਮਾਨਸਾ, 21 ਨਵੰਬਰ :
ਲਾਇਬ੍ਰੇਰੀਆਂ ਮਨੁੱਖੀ ਜੀਵਨ ਲਈ ਗਿਆਨ ਦਾ ਵਿਸ਼ਾਲ ਭੰਡਾਰ ਹੁੰਦੀਆਂ ਹਨ ਜਿਸ ਰਾਹੀਂ ਕੋਈ ਵੀ ਵਿਅਕਤੀ ਆਪਣੇ ਗਿਆਨ ਵਿੱਚ ਅਥਾਹ ਵਾਧਾ ਕਰਕੇ ਕਾਮਯਾਬੀ ਦੇ ਰਾਹ ਵੱਲ ਵੱਧ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਮਾਨਸਾ ਖੁਰਦ ਵਿਖੇ ਨਵੀਂ ਬਣੀ ਯੂਥ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਅਤੇ ਸਰਪੰਚ ਮਾਨਸਾ ਖੁਰਦ ਸ਼੍ਰੀਮਤੀ ਸਿਮਰਨ ਕੌਰ ਮੌਜੂਦ ਸਨ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਆਧੁਨਿਕ ਲਾਇਬ੍ਰੇਰੀਆਂ ਦਾ ਨਿਰਮਾਣ ਕਰਨਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਅਤੇ ਮਾਰਗਦਰਸ਼ਨ ਮਿਲੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਲਾਇਬ੍ਰੇਰੀਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਕਿਤਾਬਾਂ ਨਾਲ ਦੋਸਤੀ ਪਾ ਕੇ ਇਨ੍ਹਾਂ ਤੋਂ ਗਿਆਨ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਅੱਜ ਦੇ ਕੰਪੀਟੀਸ਼ਨ ਦੇ ਯੁੱਗ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲਾਇਬ੍ਰੇਰੀਆਂ ਬਹੁਤ ਹੀ ਉਪਯੋਗੀ ਹਨ। ਉਨ੍ਹਾਂ ਕਿਹਾ ਕਿ ਕਿਤਾਬਾਂ ਰਾਹੀਂ ਵਿਦਿਆਰਥੀਆਂ ਵਿੱਚ ਵਧੀਆ ਜੀਵਨ ਜਾਂਚ ਅਤੇ ਸਮਾਜ ਵਿੱਚ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਨ ਦੀ ਭਾਵਨਾ ਪੈਦਾ ਹੁੰਦੀ ਹੈ।
  ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀ ਸੋਚ ਅਤੇ ਨਜ਼ਰੀਆ ਬਦਲਣ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਪਾਠਕ੍ਰਮ ਤੋਂ ਇਲਾਵਾ ਹੋਰ ਗਿਆਨ ਵਰਧਕ  ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਜੋ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਕਰਕੇ ਉਨ੍ਹਾਂ ਦੀ ਸੂਝ ਬੂਝ ਨੂੰ ਹੋਰ ਵਿਕਸਿਤ ਕਰਨ ਵਿੱਚ ਲਾਭਦਾਇਕ ਸਾਬਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਵਿੱਚ ਸਮਾਜ ਅਤੇ ਸਭਿਆਚਾਰ ਦਾ ਗਿਆਨ ਹੋਰਨਾਂ ਵਿਦਿਆਰਥੀਆਂ ਨਾਲੋਂ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਤਿਹਾਸ ਤੋਂ ਜਾਣੂ ਹੋਣ ਲਈ ਨੌਜਵਾਨ ਪੀੜ੍ਹੀ ਦਾ ਕਿਤਾਬਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਕਰੀਬਨ 20 ਆਧੁਨਿਕ ਲਾਇਬ੍ਰੇਰੀਆਂ ਵੱਖ ਵੱਖ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਵਿਚ ਪਿੰਡ ਰੱਲਾ, ਧਲੇਵਾਂ, ਅਕਲੀਆ, ਕੁਲਰੀਆਂ, ਹੀਰੋਂ ਖੁਰਦ, ਖੱਤਰੀਵਾਲਾ, ਰਿਊਂਦ ਕਲਾਂ, ਮੱਲ ਸਿੰਘ ਵਾਲਾ, ਮੱਲਕੋਂ, ਰਾਏਪੁਰ-2, ਖਿਆਲੀ ਚਹਿਲਾਂਵਾਲੀ, ਝੁਨੀਰ, ਮਾਨਸਾ ਖੁਰਦ, ਬੁਰਜ ਰਾਠੀ, ਤਾਮਕੋਟ, ਜਟਾਣਾ ਕਲਾਂ, ਝੰਡੂਕੇ ਅਤੇ ਕਰੰਡੀ ਵਿਖੇ ਸ਼ਾਮਿਲ ਹਨ, ਇੰਨ੍ਹਾਂ ਵਿਚੋਂ 05 ਲਾਇਬ੍ਰੇਰੀਆਂ ਪਿੰਡ ਕੁਲਰੀਆਂ, ਹੀਰੋਂ ਖੁਰਦ, ਰਾਏਪੁਰ-2, ਖਿਆਲੀ ਚਹਿਲਾਂਵਾਲੀ ਅਤੇ ਕਰੰਡੀ ਵਿਖੇ ਬਣ ਚੁੱਕੀਆਂ ਹਨ ਅਤੇ ਛੇਵੀਂ ਲਾਇਬ੍ਰੇਰੀ ਪਿੰਡ ਮਾਨਸਾ ਖੁਰਦ ਦਾ ਅੱਜ ਉਦਘਾਟਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਵੀ ਗ੍ਰਾਮ ਪੰਚਾਇਤ ਆਪਣੇ ਪਿੰਡ ਵਿਚ ਲਾਇਬ੍ਰੇਰੀ ਬਣਾਉਣਾ ਚਾਹੁੰਦੀ ਹੈ ਤਾਂ ਉਹ ਆਪਣੀ ਅਰਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਾਨਸਾ ਦੇ ਦਫ਼ਤਰ ਵਿਖੇ ਦੇ ਸਕਦੇ ਹਨ ਜਾਂ ਮੋਬਾਇਲ ਨੰਬਰ 94642-30352 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਆਧੁਨਿਕ ਲਾਇਬ੍ਰੇਰੀਆਂ ਵਿਚ ਜਿੱਥੇ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾ ਦੀਆਂ ਕਿਤਾਬਾਂ ਅਤੇ ਸਾਹਿਤ ਮੁਹੱਈਆ ਕਰਵਾਇਆ ਗਿਆ ਹੈ ਉੱਥੇ ਹੀ ਕੰਪਿਊਟਰਜ਼ ਸਮੇਤ ਵਾਈ ਫਾਈ, ਏ.ਸੀ. ਅਤੇ ਫਰਨੀਚਰ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੁੱਲ੍ਹਾ ਹਾਲ ਅਤੇ ਬੱਚਿਆਂ ਦੇ ਬੈਠਣ ਲਈ ਸੁਖਾਵਾਂ ਮਾਹੌਲ ਵੀ ਪ੍ਰਦਾਨ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਪਿੰਡ ਮਾਨਸਾ ਖੁਰਦ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ 2.50 ਲੱਖ ਰੁਪਏ ਦਾ ਚੈੱਕ ਸੌਂਪਿਆ।
ਇਸ ਮੌਕੇ ਪਿੰਡ ਦੇ ਪੰਚ ਗਗਨਦੀਪ ਸਿੰਘ, ਨਿਰਮਲ ਕੌਰ, ਦਰਸ਼ਨ ਸਿੰਘ, ਹਰਪ੍ਰੀਤ ਕੌਰ ਅਤੇ ਨਿਰਮਲ ਕੌਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਹਰਪ੍ਰੀਤ ਸਿੰਘ ਮਾਨਸ਼ਾਹੀਆ, ਹਰਜੀਵਨ ਨੰਬਰਦਾਰ, ਕਰਤਾਰ ਸਿੰਘ, ਰਾਏਪਾਲ, ਸੁਖਦੀਪ ਸਿੰਘ, ਅਧਿਆਪਕ ਨੀਰੂ ਬਾਲਾ, ਅਧਿਆਪਕ ਸ਼ਿਲਪਾ ਅਤੇ ਪਿੰਡ ਦੇ ਹੋਰ ਪਤਵੰਤੇ ਤੇ ਵਿਦਿਆਰਥੀ  ਹਾਜ਼ਰ ਸਨ।

Leave a Reply

Your email address will not be published. Required fields are marked *