ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਪ ਸਕੱਤਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਕਾਰਜਾਂ ਦੀ ਸਮੀਖਿਆ

Moga Politics Punjab

ਮੋਗਾ, 21 ਨਵੰਬਰ (000) – ਕੇਂਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਪ ਸਕੱਤਰ ਸ਼੍ਰੀ ਅਰਵਿੰਦ ਨਾਥ ਝਾਅ ਵੱਲੋਂ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੋਸਾਂਝ ਰੋਡ ਅਤੇ ਖੁੱਲ੍ਹੀ ਭੋਂ ਪਰਖ ਪ੍ਰਯੋਗਸ਼ਾਲਾ ਤੇ ਪਲਾਂਟ ਕਲੀਨਿਕ ਦਾ ਵੀ ਦੌਰਾ ਕੀਤਾ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਤੇ ਸ਼੍ਰੀਮਤੀ ਚਾਰੂਮਿਤਾ ਦੋਵੇਂ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਸ਼੍ਰੀ ਝਾਅ ਨੇ ਕਿਹਾ ਕਿ ਜਦੋਂ ਦਾ ਇਹ ਪ੍ਰੋਗਰਾਮ ਲਾਗੂ ਹੋਇਆ ਹੈ ਉਦੋਂ ਤੋਂ ਹੀ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ। ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਨੂੰ ਹੁਣ ਤੱਕ ਕਰੀਬ 14 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਰਾਸ਼ੀ ਨਾਲ ਉਹੀ ਕੰਮ ਕੀਤੇ ਗਏ ਹਨ ਜੋ ਇਸ ਜ਼ਿਲ੍ਹੇ ਨੂੰ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਬਣਾਉਣ ਲਈ ਸਹਾਈ ਸਿੱਧ ਹੋਣਗੇ।

ਉਹਨਾਂ ਨੇ ਕਿਹਾ ਕਿ ਵੱਖ ਵੱਖ ਸਰਕਾਰਾਂ ਵੱਲੋਂ ਲੋਕ ਹਿੱਤ ਸਰਕਾਰੀ ਯੋਜਨਾਵਾਂ ਤਾਂ ਬਣਾਈਆਂ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ ਪਰ ਇਹਨਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਨਹੀਂ ਪਹੁੰਚ ਪਾਉਂਦਾ। ਸਹੀ ਫੀਡਬੈਕ ਨਾ ਮਿਲਣ ਕਾਰਨ ਨਾ ਹੀ ਸਮੇਂ ਸਮੇਂ ਉੱਤੇ ਇਹਨਾਂ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਜਰੂਰੀ ਹੈ ਕਿ ਅੰਕੜਿਆਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇ। ਮੋਗਾ ਨੂੰ ਜਲਦ ਤੋਂ ਜਲਦ ‘ਐਸਪੀਰੇਸ਼ਨਲ ‘ ਤੋਂ ‘ਇੰਸਪੀਰੇਸ਼ਨਲ ‘ ਜ਼ਿਲ੍ਹਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਹ ਯਤਨ ਇਕ ਟੀਮ ਦੇ ਤੌਰ ਉੱਤੇ ਕੰਮ ਕਰਨ ਨਾਲ ਹੀ ਸਫਲ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਵਿੱਚ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਜ਼ਿਲ੍ਹਾ ਮੋਗਾ ਵਿੱਚ ਟੀ ਬੀ ਅਤੇ ਕੁਪੋਸ਼ਣ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ, ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ, ਜ਼ਿਲ੍ਹੇ ਨੂੰ ਅਮੀਨੀਆ ਮੁਕਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ੇਸ਼ ਤੌਰ ਉੱਤੇ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸਮੇਤ ਆਪਣੇ ਮੰਤਰਾਲੇ ਨਾਲ ਸਬੰਧਤ ਕੰਮਾਂ ਦਾ ਵੀ ਰੀਵਿਊ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਪ ਸਕੱਤਰ ਸ਼੍ਰੀ ਅਰਵਿੰਦ ਨਾਥ ਝਾਅ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਮੋਗਾ ਵਿੱਚ ਨੀਤੀ ਅਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਤਾਂ ਜੋ ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ।

Leave a Reply

Your email address will not be published. Required fields are marked *