ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ — ਡਾ ਹਰਪ੍ਰੀਤ 

Politics Punjab

 ਫਿ਼ਰੋਜ਼ਪੁਰ,20 ਨਵੰਬਰ(              )  ਸਿਵਲ ਸਰਜਨ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਢੀਂਗਰਾਂ ਦੀ ਅਗਵਾਈ ਹੇਠ ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤਾ, ਜ਼ੋ ਕਿ 15 ਤੋ 21 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ, ਮੌਕੇ ਅੱਜ ਅਰਬਨ ਮੁੱਢਲਾ ਸਿਹਤ ਕੇਂਦਰ, ਬਸਤੀ ਟੈਂਕਾਂ ਵਾਲੀ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਨਵਜੰਮੇ ਬੱਚਿਆਂ ਦੀ ਮਾਵਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਭਾਗ ਲਿਆ।

              ਇਸ ਮੌਕੇ ਡਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਹਫ਼ਤੇ ਦਾ ਮੁੱਖ ਮਕਸਦ ਨਵਜੰਮੇ ਬੱਚਿਆਂ ਦੇ ਸਹੀ ਸ਼ਰੀਰਕ ਵਿਕਾਸ ਅਤੇ ਉਨ੍ਹਾਂ ਨੂੰ ਬੀਮਾਰੀਆਂ ਤੋ ਬਚਾਉਣਾ ਹੈ। ਉਹਨਾ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿੱਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ  ਸਿਰਫ਼ ਤੇ ਸਿਰਫ਼ ਮਾਂ ਦੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚੇ ਵਿੱਚ ਜੇਕਰ ਖਤਰੇ ਦੇ ਚਿਨ੍ਹ ਜਿਵੇ ਕਿ ਦੁੱਧ ਨਾ ਪੀਣਾ,ਜਿਆਦਾ ਸੋਣਾ,ਮਰੋੜ,ਸਾਹ ਲੈਣ ਵਿੱਚ ਤਕਲੀਫ,ਲਗਾਤਾਰ ਉਲਟੀਆਂ ਆਉਣੀਆਂ,ਚਮੜੀ ਦਾ ਰੰਗ ਪੀਲਾ ਹੋਣਾ, ਤੇਜ਼ ਬੁਖਾਰ ਹੋਵੇ ਤਾਂ ਤੁਰੰਤ ਉਸ ਨੂੰ ਹਸਪਤਾਲ ਵਿੱਖੇ ਜਾਂਚ ਲਈ ਲੈ ਕੇ ਜਾਣਾ ਚਾਹੀਦਾ ਹੈ।

      ਆਪਣੇਂ ਸੰਬੋਧਨ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਲੈ ਕੇ ਲੱਗਦੇ ਟੀਕੇ ਸਮੇਂ ਤੇ ਲਗਾਉਣਾ ਨਾਲ ਜਿਥੇ ਬੱਚੇ ਦੀ  ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਵਧਦੀ ਹੈ, ਉਥੇ ਤੰਦਰੁਸਤ ਬੱਚਾ ਪੜ੍ਹਾਈ ਵਿਚ ਵੀ ਪਰਪੱਕ ਹੋ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਹਾਈ ਹੁੰਦਾ ਹੈ। ਬੱਚੇ ਦਾ ਸਹੀ ਸਮੇਂ ਤੇ ਟੀਕਾਕਰਣ ਹੋਣ ਨਾਲ ਪੋਲੀਓ, ਟੀ.ਬੀ. ਖਸਰਾ, ਪੀਲੀਆ ਅਤੇ ਕਾਲੀ ਖੰਘ ਆਦਿ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਇਕ ਤੋਂ ਦੂਸਰੇ ਬੱਚੇ ਦੇ ਜਨਮ ਵਿਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ। ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿਚ ਹੀ ਗਰਭਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ।

                 ਇਸ ਮੌਕੇ ਅੰਕੁਸ਼ ਭੰਡਾਰੀ  ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤ ਨੂੰ ਜਿੱਥੇ ਸੂਬਾ ਸਰਕਾਰ ਵੱਲੋਂ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਮੁਫ਼ਤ ਸੁਵਿਧਾ ਹੈ, ਉਥੇ ਜਣੇਪਾ ਮੁਫਤ ਵਿਚ ਕਰਨ ਦੇ ਨਾਲ ਨਾਲ ਰਹਿਣ ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸਿਵਲ ਹਸਪਤਾਲਾਂ ਵਿਚ ਡਲੀਵਰੀ ਕਰਵਾਉਣ ਵਾਲੀ ਔਰਤ ਦਾ ਮਾਹਿਰ ਡਾਕਟਰਾਂ ਤੋਂ ਇਲਾਜ, ਮੁਫਤ ਦਵਾਈਆਂ ਤੇ ਖਾਣਾ ਮੁੱਹਈਆ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ।ਇਸ ਮੋਕੇ ਉਹਨਾਂ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ।

               ਇਸ ਮੌਕੇ ਡਾ ਤਰੂੰਨਪਾਲ ਸੋਢੀ, ਸਿਹਤ ਕਰਮਚਾਰੀ ਅਮਰਜੀਤ, ਲੈਬ ਟੈਕਨੀਸ਼ੀਅਨ ਸਿਮਰਜੀਤ ਸਿੰਘ ਅਤੇ ਮੁੱਢਲਾ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਦੇ ਸਿਹਤ ਮੁਲਾਜ਼ਮ ਵੀ ਹਾਜ਼ਰ ਸਨ।