ਫਾਜ਼ਿਲਕਾ, 20 ਨਵੰਬਰ
ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਆਪਣੀਆਂ ਜਮੀਨਾਂ ਤੇ ਖੇਤੀ ਕਰ ਰਹੇ ਕਿਸਾਨਾਂ ਦੀਆਂ ਮੁਸਕਿਲਾਂ ਦੇ ਹੱਲ ਸਬੰਧੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇੱਥੇ ਬੀਐਸਐਫ, ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਬੈਠਕ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਝੋਨੇ ਦੀ ਵਾਢੀ ਅਤੇ ਪਰਾਲੀ ਪ੍ਰਬੰਧਨ ਦੇ ਕਾਰਜਾਂ ਦੌਰਾਨ ਕਿਸਾਨਾਂ ਨੂੰ ਤਾਰ ਪਾਰ ਕੀਤੇ ਜਾਣ ਵਾਲੇ ਕੰਮਾਂ ਵਿਚ ਦਿੱਕਤ ਨਾ ਆਵੇ ਇਸ ਲਈ ਬੀਐਸਐਫ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਨਿਯਮਾਂ ਵਿਚ ਰਹਿੰਦੇ ਹੋਏ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਬੇਲਰ ਨਾਲ ਆਪਣੀ ਪਰਾਲੀ ਦੀਆਂ ਗੱਠਾਂ ਬਣਵਾ ਲੈਣ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਨ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਇਸ ਸਬੰਧੀ ਬੇਲਰ ਦੀ ਸਹੁਲਤ ਮੁਹਈਆ ਕਰਵਾਉਣ ਵਿਚ ਮਦਦ ਕਰਨ ਦੇ ਨਾਲ ਕਿਸਾਨਾਂ ਨੂੰ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ।
ਬੈਠਕ ਵਿਚ ਬੀਐਸਐਫ ਦੇ ਅਧਿਕਾਰੀਆਂ ਤੋਂ ਬਿਨ੍ਹਾਂ ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ, ਅਬੋਹਰ ਦੇ ਐਸਡੀਐਮ ਸ੍ਰੀ ਕ੍ਰਿਸਨ ਪਾਲ ਰਾਜਪੂਤ, ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਵੀ ਹਾਜਰ ਸਨ।