ਅਗੇਤੀ ਬਿਜਾਈ ਵਾਲੀ ਕਣਕ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ

Politics Punjab Sri Muktsar Sahib

ਸ੍ਰੀ ਮੁਕਤਸਰ ਸਾਹਿਬ, 18 ਨਵੰਬਰ:

        ਇਸ ਸਮੇਂ ਹਾੜ੍ਹੀ 2024-25 ਦੌਰਾਨ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਕਣਕ ਉਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਕਿਉਂਕਿ ਤਾਪਮਾਨ ਜਿਆਦਾ ਹੋਣ ਕਾਰਨ ਅਤੇ ਨਾਲ ਦੇ ਖੇਤਾਂ ਵਿੱਚ ਬਾਸਮਤੀ ਦੀ ਕਟਾਈ ਨਾ ਹੋਣ ਕਾਰਨ ਕਈ ਵਾਰ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬੀਜੀ ਗਈ ਕਣਕ ਦੀ ਫ਼ਸਲ ’ਤੇ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸੁਪਰਸੀਡਰ ਨਾਲ ਬਿਜਾਈ ਕੀਤੀ ਗਈ ਕਣਕ ’ਤੇ ਹੀ ਗੁਲਾਬੀ ਸੁੰਡੀ ਦਾ ਹਮਲਾ ਹੋਵੇਗਾ। ਕਈ ਵਾਰ ਬਾਸਮਤੀ ਦੀ ਖੜ੍ਹੀ ਫ਼ਸਲ ਦੇ ਨਾਲ ਦੇ ਖੇਤ ਵਿੱਚ ਜ਼ੀਰੋ ਟਿੱਲਜ਼ ਡਰਿੱਲ ਨਾਲ ਬਿਜਾਈ ਕੀਤੀ ਗਈ ਕਣਕ ’ਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਹੈ। ਜੇਕਰ ਕਿਸੇ ਵੀ ਖੇਤ ਵਿੱਚ ਕਣਕ ਉਪਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਕਿਸਾਨ ਉਸ ਖੇਤ ਨੂੰ ਦਿਨ ਦੇ ਸਮੇਂ ਪਾਣੀ ਲਗਾਉਣ ਕਿਉਂਕਿ ਪਾਣੀ ਲਗਾਉਣ ਨਾਲ ਗੁਲਾਬੀ ਸੁੰਡੀ ਬਾਹਰ ਨਿਕਲ ਆਉਂਦੀ ਹੈ ਅਤੇ ਤੁਰੰਤ ਸਪਰੇਅ ਕਰਨ ਨਾਲ ਵੀ ਬਹੁਤ ਵਧੀਆ ਨਤੀਜਾ ਮਿਲਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਲਈ ਪੀ.ਏ.ਯੂ. ਦੁਆਰਾ ਸਿਫਾਰਸ਼ ਕੀਟਨਾਸ਼ਕ (ਕੋਰਾਜ਼ਿਨ 18.5 ਐਸ.ਸੀ. 50 ਮਿ:ਲੀ. ਪ੍ਰਤੀ ਏਕੜ ਜਾਂ ਏਕਾਲਕਸ 25 ਈ.ਸੀ. 500 ਮਿ:ਲੀ: ਪ੍ਰਤੀ ਏਕੜ) ਦਾ ਸਪਰੇਅ ਦਿਨ ਸਮੇਂ ਪਾਣੀ ਲਗਾਉਣ ਤੋਂ ਤੁਰੰਤ ਬਾਅਦ ਹੀ ਕਰਨ। ਇਸ ਤੋਂ ਇਲਾਵਾ ਗੁਲਾਬੀ ਸੁੰਡੀ ਦੇ ਕੰਟਰੋਲ ਲਈ ਕਣਕ ਨੂੰ ਪਾਣੀ ਲਗਾਉਣ ਤੋਂ ਦੋ ਦਿਨ ਪਹਿਲਾਂ ਇੱਕ ਲੀਟਰ ਕਲੋਰੋਪੈਰੀਫਾਸ 20 ਈ.ਸੀ. ਜਾਂ ਸੱਤ ਕਿ:ਗ੍ਰਾ: ਫਿਪਰੋਨਿਲ/ਰੀਜੈਂਟ 0.3 ਜੀ. ਪ੍ਰਤੀ ਏਕੜ ਨੂੰ 20 ਕਿ:ਗ੍ਰਾ: ਸਲਾਬ੍ਹੀ ਮਿੱਟੀ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ  ਜਿਵੇਂ-ਜਿਵੇਂ ਤਾਪਮਾਨ ਘਟਦਾ ਜਾਵੇਗਾ ਉਵੇਂ-ਉਵੇਂ ਗੁਲਾਬੀ ਸੁੰਡੀ ਸੁਸਤ ਅਵਸਥਾ ਵਿੱਚ ਚਲੀ ਜਾਂਦੀ ਹੈ। ਜੇਕਰ ਕਿਸੇ ਕਿਸਾਨ ਨੂੰ ਖੇਤੀ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਮੁ਼ਸਕਿਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧੀ ਉਸ ਬਲਾਕ ਦੇ ਸਬੰਧਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ।