ਮਾਝੇ ਦੇ ਗਦਰੀਆਂ ਦੀ ਯਾਦ ਵਿਚ ਉਨਾਂ ਦੇ ਪਿੰਡਾਂ ਦਾ ਵਿਕਾਸ ਕਰਾਂਗੇ-ਧਾਲੀਵਾਲ

Amritsar Politics Punjab

   ਅੰਮ੍ਰਿਤਸਰ, 14 ਨਵੰਬਰ (          )-‘ਮਾਝੇ ਦੀ ਧਰਤੀ ਨੇ ਗਦਰ ਲਹਿਰ ਵਿਚ ਵੱਡਾ ਯੋਗਦਾਨ ਪਾਇਆ ਹੈ, ਇੰਨਾਂ ਸ਼ਹੀਦਾਂ ਨੇ ਨਾ ਸਿਰਫ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਇਆ ਬਲਕਿ ਅਜ਼ਾਦੀ ਦੇ ਅਰਥ ਵੀ ਦੇਸ਼ ਵਾਸੀਆਂ ਨੂੰ ਸਮਝਾਏ, ਜਿਸ ਨਾਲ ਲੋਕਾਂ ਦਾ ਸਾਥ ਗਦਰੀਆਂ ਨੂੰ ਮਿਲਿਆ, ਜੋ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਬੇਹੱਦ ਜਰੂਰੀ ਸੀ।’  ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਗੁਰੂਵਾਲੀ ਨੂੰ ਸ਼ਹੀਦਾਂ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ ਲਈ 10 ਲੱਖ ਰੁਪਏ ਦਾ ਚੈਕ ਦੇਣ ਉਪਰੰਤ ਕੀਤਾ।

            ਸ੍ਰ ਧਾਲੀਵਾਲ ਨੇ ਦੱਸਿਆ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦ ਹੋਏ 6 ਗਦਰੀ, ਜਿੰਨਾ ਵਿਚੋਂ 3 ਗੁਰਵਾਲੀ ਪਿੰਡ ਅਤੇ ਇਕ ਸੁਰ ਸਿੰਘ ਪਿੰਡ ਤੋਂ ਸੀ ਅਤੇ ਇਨ੍ਹਾ  ਦੇ ਨਾਮ ਤੇ ਹੁਣ ਸਕੂਲ ਦਾ ਨਾਮ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਸ ਧਾਲੀਵਾਲ ਨੇ ਕਿਹਾ ਕਿ ਸ. ਸਰਾਭਾ ਦੀ ਯਾਦ ਵਿਚ ਤਾਂ ਹਰ ਸਾਲ ਅਸੀਂ ਸਮਾਗਮ ਕਰ ਲੈਂਦੇ ਹਾਂ, ਪਰ ਉਨਾਂ ਨਾਲ ਸ਼ਹੀਦ ਹੋਏ ਸ. ਬਖਸ਼ੀਸ ਸਿੰਘ, ਸ. ਸੁਰੈਣ ਸਿੰਘ ਵੱਡਾ ਤੇ ਸੁਰੈਣ ਸਿੰਘ ਛੋਟਾ (ਤਿੰਨੇ ਗੁਰਵਾਲੀ ਪਿੰਡ ਤੋਂ), ਸ ਜਗਤ ਸਿੰਘ ਪਿੰਡ ਸੁਰਸਿੰਘ, ਸ. ਹਰਨਾਮ ਸਿੰਘ ਸਿਆਲਕੋਟ ਤੋਂ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਮਹਾਂਰਾਸ਼ਟਰ ਤੋਂ ਨੂੰ ਕਦੇ ਯਾਦ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਸਾਲ ਵਾਅਦਾ ਕੀਤਾ ਸੀ ਕਿ ਗੁਰੂਵਾਲੀ ਸਰਕਾਰੀ ਸਕੂਲ ਨੂੰ ਸ਼ਹੀਦਾਂ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ ਲਈ 10 ਲੱਖ ਰੁਪਏ ਦੇਵਾਂਗਾ ਅਤੇ ਇਹ ਮੈਂ ਵਾਅਦਾ ਅੱਜ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਉਨਾਂ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ, ਇਸ ਤੋਂ ਇਲਾਵਾ ਉਨਾਂ ਦੇ ਪਿੰਡਾਂ ਦੇ ਨਾਮ ਸ਼ਹੀਦਾਂ ਦੇ ਨਾਮ ਉਤੇ ਰੱਖੇ ਜਾਣਗੇ।  

            ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਲੋਚਦੇ ਹਨ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਾਡੇ ਸਾਰਿਆਂ ਵਿਚ ਕੌਮੀਅਤ ਜਾਗੇ। ਉਨਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੀ ਸੋਚ ਨੂੰ ਜਿੰਦਾ ਰੱਖਕੇ ਅਜਿਹਾ ਸੰਭਵ ਹੈ ਅਤੇ ਅਸੀਂ ਉਸ ਜੋਤ ਨੂੰ ਜਗਾਉਣ ਲਈ ਹਰ ਹੀਲਾ ਵਰਤਾਂਗੇ।  

            ਸ੍ਰ ਧਾਲੀਵਾਲ ਨੇ ਬਾਲ ਦਿਵਸ ਮੌਕੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਬੱਚਿਆਂ ਦਾ ਦਿਨ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹਰ ਵਰਗ ਦੇ ਬੱਚਿਆਂ ਨੂੰ ਸਿਖਿਆ ਪ੍ਰਾਪਤ ਕਰਨ ਲਈ ਜਾਗਰੂਕ ਕਰੀਏ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾ ਰਹੇ ਚਾਹੇ ਉਹ ਅਮੀਰ ਦਾ ਹੋਵੇ ਜਾਂ ਗਰੀਬ ਦਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰੇਕ ਬੱਚੇ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਹੀ ਤਹਿਤ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਨੂੰ ਹਰ ਪੱਖੋਂ ਮਾਤ ਦਿੰਦੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਕੇ ਸਨਮਾਨਤ ਵੀ ਕੀਤਾ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਾਜਰ ਸਨ।

Leave a Reply

Your email address will not be published. Required fields are marked *