ਮਾਨਸਾ, 08 ਨਵੰਬਰ:
ਪੰਜਾਬ ਸਰਕਾਰ ਦੁਆਰਾ ਮਨਾਏ ਜਾ ਰਹੇ ‘ਪੰਜਾਬੀ ਮਾਹ-2024’ ਦੇ ਸਮਾਗਮਾਂ ਦੀ ਲੜੀ ਤਹਿਤ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰ. ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਐਸ. ਡੀ. ਕੰਨਿਆਂ ਮਹਾਂਵਿਦਿਆਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਉੱਘੇ ਕਵੀ ਸੁਰਜੀਤ ਪਾਤਰ ਦੀ ਸ਼ਾਇਰੀ ’ਤੇ ਅਧਾਰਿਤ ਡਾ. ਸੋਮਪਾਲ ਹੀਰਾ ਦੇ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਨ ਕੀਤਾ ਗਿਆ, ਜਿਸ ਵਿਚ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਨਾਟਕਕਾਰ ਤੇ ਅਦਾਕਾਰ ਬਲਰਾਜ ਮਾਨ ਅਤੇ ਰਾਜ ਜੋਸ਼ੀ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਵਿਜੇ ਸਿੰਗਲਾ ਨੇ ਮਾਂ ਬੋਲੀ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਕਿ ਉਹੀ ਦੇਸ਼ ਤਰੱਕੀ ਕਰਦੇ ਹਨ ਜੋ ਆਪਣੀ ਬੋਲੀ ਵਿਚ ਕਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿਚ ਜਿੱਥੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਬੋਲੀ ਦਾ ਅਹਿਮ ਮਹੱਤਵ ਹੈ ਉੱਥੇ ਹੀ ਬੋਲੀ ਦੇ ਪਸਾਰ ਲਈ ਵੀ ਯਤਨ ਕਰਨੇ ਲਾਜ਼ਮੀ ਹਨ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਆਪਣੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਰਾਹੀਂ ਆਈ.ਏ.ਐਸ ਕਰਕੇ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਵੀ ਹੈ। ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦਿਆਂ ਇਸ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਵਿਭਾਗ ਦੇ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਬੋਲੀ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਮਨੁੱਖ ਦੇ ਜੀਣ ਦਾ ਵਸੀਲਾ ਹੁੰਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਮਾਤ-ਭਾਸ਼ਾ ਅਤੇ ਰੰਗਮੰਚ ਦੇ ਸਰੋਕਾਰਾਂ ਬਾਰੇ ਸੰਖੇਪ ’ਤੇ ਭਾਵਪੂਰਤ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਲੇਖਕ ਜਗਦੀਸ਼ ਰਾਏ ਕੁਲਰੀਆਂ, ਅਜ਼ੀਜ਼ ਸਰੋਏ ਅਤੇ ਕਿਰਨ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡੇਢ ਘੰਟੇ ਦੇ ਇੱਕ ਪਾਤਰੀ ਨਾਟਕ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਨਾਟਕ ਵੇਖਦਿਆਂ ਹਰ ਕੋਈ ਆਪਣੀ ਮਾਂ ਬੋਲੀ ਪੰਜਾਬੀ ਦੀ ਉਚਾਈ ਨੂੰ ਮਹਿਸੂਸ ਕਰ ਰਿਹਾ ਸੀ। ਸਮਾਗਮ ਦਾ ਮੰਚ ਸੰਚਾਲਨ ਪ੍ਰੋ. ਬਲਜੀਤ ਕੌਰ ਨੇ ਬਾਖੂਬੀ ਕੀਤਾ। ਪ੍ਰਧਾਨਗੀ ਮੰਡਲ ਵਿਚ ਕੋਅਪ੍ਰੇਟਿਵ ਬੈਂਕ ਦੇ ਡਾਇਰੈਕਟਰ ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਅਤੇ ਇੰਜ. ਵਿਨੋਦ ਜਿੰਦਲ ਸ਼ਾਮਲ ਸਨ। ਅਖ਼ੀਰ ਵਿਚ ਐਸ ਡੀ ਕੰਨਿਆਂ ਮਹਾਂਵਿਦਿਆਲਾ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮਾਗਮ ਡਾ. ਸੁਪਨਦੀਪ ਕੌਰ, ਮਨਜੀਤ ਚਾਹਲ, ਹਰਿੰਦਰ ਮਾਨਸ਼ਾਹੀਆ, ਸਰਦੂਲ ਸਿੰਘ, ਬਿੱਟੂ ਮਾਨਸਾ, ਡਾ. ਕੁਲਦੀਪ ਚੌਹਾਨ, ਜਗਤਾਰ ਔਲਖ, ਬਲਜਿੰਦਰ ਸੰਗੀਲਾ, ਆਤਮਾ ਸਿੰਘ ਪਮਾਰ, ਸੁਖਚਰਨ ਸੱਦੇਵਾਲੀਆ, ਡਾ. ਗੁਰਮੇਲ ਕੌਰ ਜੋਸ਼ੀ, ਡਾ. ਵਿਨੋਦ ਮਿੱਤਲ, ਬਲਜਿੰਦਰ ਜੌੜਕੀਆਂ, ਹਰਦੀਪ ਸਿੱਧੂ, ਦਿਲਬਾਗ ਰਿਉਂਦ, ਕੁਲਦੀਪ ਦਾਤੇਵਾਸ, ਸੰਤੋਸ਼ ਭਾਟੀਆ, ਸੁਮਨਪ੍ਰੀਤ ਕੌਰ ਤੋਂ ਇਲਾਵਾ ਕਾਲਜ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।