ਫਾਜ਼ਿਲਕਾ 26 ਅਕਤੂਬਰ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇੱਥੇ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਉੱਥੇ ਹੀ ਅਧਿਕਾਰੀਆਂ ਨਾਲ ਬੈਠਕ ਕਰਕੇ ਝੋਨੇ ਦੀ ਖਰੀਦ ਪ੍ਰਕਿਰਿਆ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਉਨਾਂ ਨੇ ਆਖਿਆ ਕਿ ਸ਼ੈਲਰਾਂ ਦੀ ਲਿੰਕੇਜ ਹੋ ਰਹੀ ਹੈ ਪਰ ਕਿਸੇ ਵੀ ਪ੍ਰਕਾਰ ਦੇ ਏਕਾ ਅਧਿਕਾਰ ਨੂੰ ਰੋਕਣ ਲਈ ਹਦਾਇਤ ਕੀਤੀ ਗਈ ਹੈ ਕਿ ਜਿਲ੍ੇ ਤੋਂ ਬਾਹਰ ਦੇ ਸੈਲਰ ਵੀ ਆ ਕੇ ਇਥੋਂ ਆਰਓ ਕਟਵਾ ਕੇ ਝੋਨਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਵੇਗਾ ਤੇ ਏਕਾ ਅਧਿਕਾਰ ਦੀ ਸੰਭਾਵਨਾ ਘਟੇਗੀ ਜਿਸ ਨਾਲ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਹੋਰ ਸੌਖ਼ ਹੋਵੇਗੀ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਫਾਜ਼ਿਲਕਾ ਦੀ ਮੰਡੀ ਵਿੱਚ 7 ਲੱਖ 61000 ਬੋਰੀ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਵਿੱਚੋਂ 6 ਲੱਖ ਤੋਂ ਜਿਆਦਾ ਬੋਰੀ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੇਚੀ ਗਈ ਫਸਲ ਦੀ 24 ਘੰਟੇ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਆਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਬੇਹਤਰੀ ਲਈ ਦ੍ਰਿੜ ਸੰਕਲਪਿਤ ਹੈ ਅਤੇ ਕਿਸਾਨਾਂ ਦੀ ਫਸਲ ਦੀ ਪੂਰੀ ਖਰੀਦ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਹੁਣ ਲਿਫਟਿੰਗ ਵਿੱਚ ਹੋਰ ਤੇਜ਼ੀ ਆ ਰਹੀ ਹੈ ਅਤੇ ਖਰੀਦ ਵੀ ਪੂਰੇ ਜੋਰਾਂ ਤੇ ਚੱਲ ਰਹੀ ਹੈ।