ਬਠਿੰਡਾ, 25 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇਖ-ਰੇਖ ਹੇਠ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਖਿਆਂ ਦੀ ਵਿਕਰੀ ਸਬੰਧੀ ਜ਼ਿਲ੍ਹੇ ਵਿੱਚ ਆਰਜੀ ਲਾਇਸੰਸ ਜਾਰੀ ਕਰਨ ਲਈ ਮੀਟਿੰਗ ਹਾਲ ਵਿੱਚ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 4 ਵੱਖ-ਵੱਖ ਥਾਵਾਂ ਜਿੰਨ੍ਹਾਂ ਚ ਨਗਰ ਸੁਧਾਰ ਟਰੱਸਟ ਬਠਿੰਡਾ ਦਫ਼ਤਰ ਦੇ ਸਾਹਮਣੇ, ਖੇਡ ਸਟੇਡੀਅਮ ਬਠਿੰਡਾ, ਡੀ.ਡੀ.ਮਿੱਤਲ ਟਾਵਰ ਬਠਿੰਡਾ ਦੇ ਸਾਹਮਣੇ ਖਾਲੀ ਗਾਰਉਂਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਵਿਖੇ ਜਿੱਥੇ ਪਟਾਖਿਆਂ ਦੀ ਵਿਕਰੀ ਕੀਤੀ ਜਾਣੀ ਹੈ, ਲਈ 34 ਡਰਾਅ ਸਫਲਤਾ ਪੂਰਵਕ ਕੱਢੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਾਕੇ ਵੇਚਣ ਲਈ ਆਰਜੀ ਲਾਇਸੰਸ ਜਾਰੀ ਕਰਨ ਲਈ ਕੁੱਲ 700 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਅਤੇ ਡਰਾਅ ਕੱਢਣ ਮੌਕੇ 168 ਪ੍ਰਾਰਥੀ ਮੌਕੇ ਤੇ ਪਹੁੰਚੇ ਹੋਏ ਸਨ। ਇਨ੍ਹਾਂ ਅਰਜੀਆਂ ਵਿੱਚੋਂ 34 ਡਰਾਅ ਕੱਢੇ ਗਏ। ਜਿੰਨ੍ਹਾਂ ਨੂੰ ਡਰਾਅ ਨਿਕਲੇ ਹਨ, ਉਨ੍ਹਾਂ ਨੂੰ ਆਰਜੀ ਲਾਇਸੰਸ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਨੂੰ ਡਰਾਅ ਨਿਕਲਿਆ ਹੈ, ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਹਾਇਕ ਕਮਿਸ਼ਨਰ, ਸਟੇਟ ਟੈਕਸ, ਬਠਿੰਡਾ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨਗੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਵਿਭਾਗਾਂ ਪਾਸ ਬਣਦੀਆਂ ਸਰਕਾਰੀ ਫ਼ੀਸਾਂ ਜਮ੍ਹਾਂ ਕਰਵਾਉਣ ਉਪਰੰਤ ਰਸੀਦਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਗੇ, ਜਿਸ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਸਬੰਧਤ ਨੂੰ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵੀ ਹਾਜ਼ਰ ਸਨ।