ਬਠਿੰਡਾ, 23 ਅਕਤੂਬਰ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡ ਭੁੱਚੋ ਖੁਰਦ, ਤੁੰਗਵਾਲੀ ਅਤੇ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀ ਬਲਕਰਨ ਸਿੰਘ ਮਾਹਲ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਖੇਤਾਂ ਵਿੱਚ ਵਾਹੁਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਸਕੇ। ਉਹਨਾਂ ਵੱਲੋਂ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾਂ ਵਿਚੋਂ ਆਏ ਹੋਏ ਕਿਸਾਨਾਂ ਨੂੰ ਵਾਤਾਵਰਣ ਦੇ ਰਖਵਾਲੇ ਵਜੋਂ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾ ਕਿਸਾਨਾਂ ਨੇ ਪਿਛਲੇ ਕੁਛ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ।
ਕੈਂਪ ਦੌਰਾਨ ਡਾ ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਕਲਿਆਣ ਸੁੱਖਾ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਫਸਲ ਦੀ ਬਿਜਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਅਤੇ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਉਹਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਂਦੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਜ਼ੀਰੋ ਡਰਿਲ ਅਤੇ ਬੇਲਰ ਮਸ਼ੀਨ ਦੀ ਵਰਤੋਂ ਨਾਲ ਬਿਨਾਂ ਅੱਗ ਲਗਾਏ ਪਰਾਲੀ ਵਿੱਚ ਕਿਵੇਂ ਕਣਕ ਦੀ ਬਿਜਾਈ ਕੀਤੀ ਜਾਵੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਇਸ ਦੌਰਾਨ ਡਾ. ਜਸਕਰਨ ਸਿੰਘ ਕੁਲਾਰ ਨੇ ਦੱਸਿਆ ਕਿ ਬਲਾਕ ਨਥਾਣਾ ਦੇ ਪਿੰਡਾਂ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਪ੍ਰਚਾਰ ਵੈਨਾਂ, ਨੁੱਕੜ ਨਾਟਕਾਂ, ਸਕੂਲਾਂ ਵਿੱਚ ਬੱਚਿਆਂ ਦੇ ਭਾਸ਼ਣ ਮੁਕਾਬਲੇ, ਪੇਟਿੰਗ ਮੁਕਾਬਲੇ ਆਦਿ ਕਰਵਾ ਕੇ ਪਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਹਰਦੀਪ ਸਿੰਘ ਸਿੱਧੂ, ਵਿਸ਼ਾ ਵਸਤੂ ਮਾਹਰ, ਬਠਿੰਡਾ ਨੇ ਝੋਨੇ ਦੀ ਫਸਲ ਵਿੱਚ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਦੀ ਪਛਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ।
ਕੈਂਪ ਦੌਰਾਨ ਡਾ. ਹਰਜਸ ਪਾਲ ਸ਼ਰਮਾ, ਖੇਤੀਬਾੜੀ ਸੂਚਨਾ ਅਫ਼ਸਰ, ਬਠਿੰਡਾ-ਕਮ-ਸਪੈਸ਼ਲ ਸੁਪਰਵਾਇਜ਼ਰ ਪਿੰਡ ਭੁੱਚੋ ਖੁਰਦ, ਬੀਡੀਪੀਓ ਕਮ ਕਲੱਸਟਰ ਅਫਸਰ, ਨਥਾਣਾ ਸ੍ਰੀ ਪ੍ਰਭਜੀਤ ਸਿੰਘ, ਸ਼੍ਰੀ ਨਵਜੀਤ ਢਿੱਲੋਂ ਜਿਲ੍ਹਾ ਨੋਡਲ ਅਫਸਰ ਅਤੇ ਪੁਲਿਸ ਪ੍ਰਸ਼ਾਸ਼ਨ ਬਲਾਕ ਨਥਾਣਾ ਦੇ ਸਮੂਹ ਡੀਐਸਪੀ ਤੋਂ ਇਲਾਵਾ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਹੋਏ ਅਗਾਂਹਵਧੂ ਕਿਸਾਨਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਭਾਗ ਲਿਆ ਗਿਆ।