ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਲਾਧੂਕਾ ਤੇ ਘੁਬਾਇਆ ਅਨਾਜ ਮੰਡੀ ਦਾ ਖਰੀਦ ਪ੍ਰਬੰਧਾਂ ਨੂੰ ਲੈ ਕੇ ਦੌਰਾ

Latest News

ਫਾਜ਼ਿਲਕਾ, 23 ਅਕਤੂਬਰ

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਵਰਿੰਦਰ ਸਿੰਘ ਬਰਾੜ ਨੇ ਮੰਡੀ ਲਾਧੂਕਾ ਅਤੇ ਘੁਬਾਇਆ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਖੇ ਫਸਲ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੁੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਝੋਨੇ ਦੀ ਖਰੀਦ ਤੇਜੀ ਨਾਲ ਕੀਤੀ ਜਾਵੇ ਅਤੇ ਖਰੀਦ ਕੀਤੇ ਝੋਨੇ ਦੀ ਅਦਾਇਗੀ ਕਿਸਾਨਾਂ ਨੂੰ ਨਾਲੋ ਨਾਲ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਖੇ ਖਜਲ ਨਾ ਹੋਣਾ ਪਵੇ।

ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਕਿਸਾਨ ਫਸਲ ਮੰਡੀ ਵਿਖੇ ਲੈ ਕੇ ਆਉਂਦਾ ਹੈ ਤਾਂ ਨਾਲੋ-ਨਾਲ ਖਰੀਦ ਪ੍ਰਕਿਰਿਆ ਆਰੰਭੀ ਜਾਵੇ। ਉਨ੍ਹਾਂ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਤੇਜੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਫਸਲ ਦੀ ਖਰੀਦ ਉਪਰੰਤ ਫਸਲ ਦੀ ਅਦਾਇਗੀ ਮਿਥੇ ਸਮੇਂ ਅੰਦਰ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਫਸਲ ਦੀ ਲਿਫਟਿੰਗ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਮੰਡੀ ਵਿਖੇ ਥਾਂ ਦੀ ਘਾਟ ਨਾ ਮਹਿਸੂਸ ਹੋਵੇ। ਉਨ੍ਹਾਂ ਅਧਿਕਾਰੀਆਂ ਨੁੰ ਇਹ ਵੀ ਕਿਹਾ ਕਿ ਮੰਡੀ ਵਿਚ ਸਫਾਈ, ਪੀਣ ਦੇ ਪਾਣੀ ਅਤੇ ਰੌਸ਼ਨੀ ਦੇ ਪੂਰੇ ਪ੍ਰੰਬਧ ਯਕੀਨੀ ਬਣਾਏ ਜਾਣ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ। ਉਨ੍ਹਾਂ ਨੇ ਕਿਹਾ ਕਿ 17 ਫੀਸਦੀ ਤੋਂ ਜਿਆਦਾ ਨਮੀ ਵਾਲੀ ਫਸਲ ਮੰਡੀ ਵਿਚ ਨਾ ਲਿਆਂਦੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਰਾਤ ਸਮੇਂ ਝੋਨੇ ਦੀ ਕਟਾਈ ਨਾ ਕੀਤੀ ਜਾਵੇ। ਇਸੇ ਤਰਾਂ ਫਸਲ ਦੀ ਕਟਾਈ ਪੂਰੀ ਤਰਾਂ ਪੱਕਣ ਤੇ ਹੀ ਕੀਤੀ ਜਾਵੇ।